ਕਲਾਨੌਰ : ਸ਼ੁੱਕਰਵਾਰ ਦੀ ਰਾਤ ਆਏ ਤੇਜ਼ ਹਨੇਰੀ ਝੱਖੜ ਕਾਰਨ ਛੱਤ ਡਿੱਗਣ ਕਾਰਨ ਪਿੰਡ ਰਹੀਮਾਬਾਦ ਵਿਖੇ ਝੋਨੇ ਦੀ ਬਿਜਾਈ ਕਰਨ ਆਏ ਪਿੰਡ ਭਿੰਡੀਆਂ ਸੈਦਾ (ਅਜਨਾਲਾ ) ਦੇ ਮਜ਼ਦੂਰ ਪਰਿਵਾਰ ਦਾ ਇਕ ਬੱਚੇ ਪਵਨ ਦੀ ਮੌਤ ਹੋ ਗਈ ਜਦ ਕਿ ਇੱਕ ਤਿੰਨ ਸਾਲਾ ਬੱਚੇ ਬੱਚੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਇਸ ਦੌਰਾਨ ਪੰਜ ਹੋਰਨਾਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਜਿਨ੍ਹਾਂ ਨੂੰ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਵਿਖੇ ਦਾਖਲ ਕਰਵਾਇਆ ਗਿਆ ਹੈ। ਇਸ ਇਲਾਵਾ ਇਸ ਖੇਤਰ 'ਚ ਸੈਂਕੜੇ ਦਰੱਖਤ ਅਤੇ ਬਿਜਲੀ ਦੇ ਖੰਭੇ ਪੁੱਟੇ ਗਏ, ਜਿਸ ਕਾਰਨ ਆਵਾਜਾਈ ਤੇ ਬਿਜਲੀ ਸਪਲਾਈ ਠੱਪ ਹੋ ਗਈ ਹੈ। ਜਾਣਕਾਰੀ ਅਨੁਸਾਰ ਪਿੰਡ ਰਹੀਮਾਬਾਦ ਵਿਖੇ ਝੋਨੇ ਦੀ ਬਿਜਾਈ ਲਈ ਆਈ ਲੇਬਰ ਪੋਲਟਰੀ ਫਾਰਮ ਦੇ ਸ਼ੈੱਡ 'ਚ ਸੁੱਤੀ ਪਈ ਸੀ ਇਸ ਦੌਰਾਨ ਮਲਬੇ ਹੇਠਾਂ ਦੋ ਵਿਅਕਤੀ ਆ ਗਏ ਜਿਨ੍ਹਾਂ ਨੂੰ ਤਰੁੰਤ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਵਿਖੇ ਦਾਖਲ ਕਰਵਾਇਆ ਗਿਆ ਇੱਥੇ ਇਕ ਦੀ ਮੌਤ ਹੋ ਗਈ ਜਦਕਿ ਦੂਸਰੇ ਦਿਨ ਦੀ ਹਾਲਤ ਗੰਭੀਰ ਹੋਣ ਕਰ ਕੇ ਰੈਫਰ ਕਰ ਦਿੱਤਾ ਗਿਆ ਹੈ।
ਹਨੇਰੀ ਝੱਖੜ ਕਾਰਨ ਫਲ-ਸਬਜ਼ੀਆਂ ਨੂੰ ਵੱਡਾ ਹੋਇਆ ਨੁਕਸਾਨ
ਤੇਜ਼ ਹਨੇਰੀ ਝੱਖੜ ਕਾਰਨ ਜਿੱਥੇ ਵੱਡਾ ਨੁਕਸਾਨ ਹੋਇਆ ਹੈ ਉਥੇ ਗੜ੍ਹੇਮਾਰੀ ਕਾਰਨ ਅੰਬ, ਲੀਚੀ , ਅਮਰੂਦ , ਜਾਮਨੂੰ ਆਦਿ ਬੂਟਿਆਂ ਦੇ ਫਲ ਝਡ਼ ਗਏ ਜਦ ਕਿ ਮੱਕੀ, ਪਸ਼ੂਆਂ ਦਾ ਚਾਰਾ ਟਮਾਟਰ ਮਿਰਚ ਆਦਿ ਸਬਜ਼ੀਆਂ ਦਾ ਵੀ ਵੱਡਾ ਨੁਕਸਾਨ ਹੋਇਆ। ਇਸ ਤੋਂ ਇਲਾਵਾ ਤੇਜ਼ ਹਨੇਰੀ ਝੱਖੜ ਕਾਰਨ ਡੇਅਰੀ ਫਾਰਮਰ , ਪੋਲਟਰੀ ਫਾਰਮਰ ਤੇ ਕਿਸਾਨਾਂ ਵੱਲੋਂ ਬਣਾਏ ਸ਼ੈੱਡ ਵੀ ਉੱਡਣ ਨਾਲ ਲੱਖਾਂ ਦਾ ਨੁਕਸਾਨ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਗੁਰਮੁਖ ਸਿੰਘ ਧੰਜਲ ਅਤੇ ਸੁਖਵਿੰਦਰ ਸਿੰਘ ਸਾਬਕਾ ਸਰਪੰਚ ਮਸਤਕੋਟ ਨੇ ਦੱਸਿਆ ਕਿ ਰਾਤ ਵੇਲੇ ਚੱਲੇ ਤੇਜ਼ ਹਨ੍ਹੇਰੀ ਝੱਖੜ ਕਾਰਨ 20 ਸਾਲ ਪੁਰਾਣੇ ਲੱਗੇ ਬੂਟੇ ਦੇਖਦਿਆਂ ਦੇਖਦਿਆਂ ਹੀ ਜ਼ਮੀਨ ਤੇ ਡਿੱਗ ਪਏ । ਪਸ਼ੂ ਪਾਲਕ ਬਲਵਿੰਦਰ ਸਿੰਘ , ਨਵੀਨ ਠਾਂਗਰੀ ਡੇਅਰੀ ਉਤਪਾਦਕ ਆਦਿ ਨੇ ਦੱਸਿਆ ਕਿ ਤੇਜ਼ ਝੱਖੜ ਹਨ੍ਹੇਰੀ ਕਾਰਨ ਉਨ੍ਹਾਂ ਆਪਣੇ ਪਸ਼ੂਆਂ ਲਈ ਬਣਾਏ ਸ਼ੈੱਡ ਦੀਆਂ ਸੱਤਾ ਢਹਿ ਢੇਰੀ ਹੋ ਗਈਆਂ । ਸਬਜ਼ੀ ਕਾਸ਼ਤਕਾਰ ਅਮਨਦੀਪ ਸਿੰਘ, ਧਰਮਿੰਦਰਜੀਤ ਸਿੰਘ', ਤੀਰਥ ਸਿੰਘ ਨਿੱਜਰ ਆਦਿ ਕਿਸਾਨਾਂ ਨੇ ਦੱਸਿਆ ਕਿ ਗੜ੍ਹੇਮਾਰੀ ਕਾਰਨ ਉਨ੍ਹਾਂ ਦੀ ਟਮਾਟਰ, ਮਿਰਚ , ਬੈਂਗਣ ਆਦਿ ਸਬਜ਼ੀਆਂ ਵੀ ਪ੍ਰਭਾਵਤ ਹੋਈਆਂ ਹਨ । ਦੂਸਰੇ ਪਾਸੇ ਕਲਾਨੌਰ ਬਟਾਲਾ ਮਾਰਗ ਤੇ ਡਿੱਗੇ ਦਰੱਖਤਾਂ ਕਾਰਨ ਆਵਾਜਾਈ ਪ੍ਰਭਾਵਤ ਹੋ ਰਹੀ ਹੈ ਇਸ ਤੋਂ ਇਲਾਵਾ ਬਿਜਲੀ ਦੇ ਸੈਂਕੜੇ ਖੰਭੇ ਡਿੱਗਣ ਕਾਰਨ ਬਿਜਲੀ ਸਪਲਾਈ ਵੀ ਬੰਦ ਹੋ ਚੁੱਕੀ ਹੈ ।