ਨਾਭਾ : ਪਿੰਡ ਹਰੀਗੜ੍ਹ ਦੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿਤਾ ਗਿਆ। ਨਾਭਾ ਬਲਾਕ ਦੇ ਪਿੰਡ ਢੀਗੀ ਦੇ ਚੋਂਏ ਵਿਖੇ ਜਿਥੇ ਸ਼ਮਸ਼ਾਦ ਖ਼ਾਨ ਉਮਰ 38 ਸਾਲ 'ਤੇ ਤੇਜ਼ਧਾਰ ਹਥਿਆਰਾਂ ਨਾਲ ਐਨੇ ਵਾਰ ਕੀਤੇ ਗਏ ਕਿ ਉਸ ਦੇ ਸ਼ਰੀਰ 'ਤੇ ਗਿਣਤੀ ਕਰਨਾ ਮੁਸ਼ਕਲ ਹੋ ਰਿਹਾ ਸੀ। ਸ਼ਮਸ਼ਾਦ ਖ਼ਾਨ ਬਾਡੀ ਬਿਲਡਰ ਸੀ। ਡੀ.ਐਸ.ਪੀ ਵਰਿੰਦਰਜੀਤ ਸਿੰਘ ਥਿੰਦ ਨੇ ਦਸਿਆ ਕਿ ਇਸ ਸਬੰਧੀ ਧਾਰਾ 302, 34 ਆਈ ਪੀ ਸੀ ਤਹਿਤ ਸੁਰਜੀਤ ਵਰਮਾ (ਜੇ ਡੀ ਜਿੰਮ) ਅਤੇ ਗੁਰਵਿੰਦਰ ਸਿੰਘ ਗੁਰੀ ਵਿਰੁਧ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਅਪਸੀ ਲੈਣ ਦੇਣ ਦਾ ਸਾਹਮਣੇ ਆਇਆ ਹੈ ਅਤੇ ਮੁਲਜ਼ਮ ਜਲਦ ਹੀ ਪੁਲਿਸ ਦੀ ਗ੍ਰਿਫ਼ਤ ਵਿਚ ਹੋਣਗੇ।
ਬੱਸ-ਮੋਟਰਸਾਈਕਲ ਦੀ ਟੱਕਰ 'ਚ ਨੌਜਵਾਨ ਦੀ ਮੌਤ
ਰਾਜਾਤਾਲ, ਸਰਾਏ ਅਮਾਨਤ ਖਾਂ : ਬੱਸ ਅਤੇ ਮੋਟਰਸਾਈਕਲ ਦੀ ਟੱਕਰ ਵਿਚ ਮਾਰੇ ਗਏ ਵਿਅਕਤੀ ਦੀ ਪਛਾਣ ਸ਼ਿੰਦਾ (25) ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਭੁੱਚਰ ਕਲਾਂ ਅਤੇ ਜ਼ਖ਼ਮੀ ਹੋਏ ਵਿਅਕਤੀ ਦੀ ਪਛਾਣ ਮਨਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ (26) ਵਾਸੀ ਭੁੱਚਰ ਕਲਾਂ (ਮਾਮੇ, ਭੂਆ ਦੇ ਪੁੱਤਰ) ਵਜੋਂ ਹੋਈ। ਇਹ ਦੋਵੇਂ ਮੋਟਰਸਾਈਕਲ 'ਤੇ ਸਵਾਰ ਕਸਬਾ ਚੀਮਾਂ ਕਲਾਂ ਨਜ਼ਦੀਕ ਪੁਜੇ ਤਾਂ ਸਾਹਮਣੇ ਤੋਂ ਆ ਰਹੀ ਮਿੰਨੀ ਬੱਸ ਨੰਬਰ 1112 ਗਿੱਲ ਬੱਸ ਨਾਲ ਟਕਰਾਅ ਗਏ। ਮਿੰਨੀ ਬੱਸ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ।
ਏ.ਐਸ.ਆਈ. ਜ਼ੋਰਾਵਾਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਪਾਰਟੀ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ, ਜਿਸ ਨੂੰ ਪੋਸਟਮਾਟਮ ਲਈ ਸਰਕਾਰੀ ਹਸਪਤਾਲ ਤਰਨ ਤਾਰਨ ਵਿਖੇ ਭੇਜਿਆ ਗਿਆ ਹੈ ਤੇ ਜ਼ਖ਼ਮੀ ਹੋਏ ਵਿਅਕਤੀ ਨੂੰ ਨਿਜੀ ਹਸਪਤਾਲ ਭੇਜ ਦਿਤਾ ਗਿਆ ਹੈ। ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ ਹੇਠ ਲੈ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿਤੀ ਗਈ ਹੈ।
ਹਾਦਸੇ 'ਚ ਹੋਣਹਾਰ ਵਿਦਿਆਰਥਣ ਦੀ ਗਈ ਜਾਨ
ਨਾਭਾ : 12ਵੀਂ ਜਮਾਤ ਵਿਚੋਂ ਜ਼ਿਲ੍ਹੇ 'ਚ ਤੀਜੇ ਨੰਬਰ 'ਤੇ ਆਈ ਵਿਦਿਆਰਥਣ ਮਨਵੀਰ ਕੌਰ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਵਿਦਿਆਰਥਣ ਰੋਹਟੀ ਬਸਤਾਂ ਤੋਂ ਸ਼ਹਿਰ ਟਿਊਸ਼ਨ ਪੜ੍ਹਨ ਜਾ ਰਹੀ ਸੀ ਕਿ ਅਚਾਨਕ ਇਕ ਟਰੈਕਟਰ ਟਰਾਲੀ ਜੋ ਇੱਟਾਂ ਦੀ ਭਰੀ ਹੋਈ ਨਾਲ ਟਕਰਾ ਗਈ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪਿੰਡ ਅਤੇ ਇਲਾਕੇ ਵਿਚ ਸੋਗ ਦਾ ਮਾਹੌਲ ਹੈ। ਇਸ ਸਬੰਧੀ ਥਾਣਾ ਕੋਤਵਾਲੀ ਦੇ ਜਾਂਚ ਅਧਿਕਾਰੀ ਥਾਣੇਦਾਰ ਮਨਜੀਤ ਸਿੰਘ ਜਾਂਚ ਕਰ ਰਹੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਥਾਣੇਦਾਰ ਮਨਜੀਤ ਸਿੰਘ ਨੇ ਦਸਿਆ ਕਿ ਇਸ ਸਬੰਧੀ ਜਾਂਚ ਜਾਰੀ ਹੈ ਅਤੇ ਪਰਵਾਰਕ ਮੈਂਬਰਾਂ ਦੇ ਬਿਆਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।