ਸਿਡਨੀ : ਕੋਰੋਨਾ ਮਹਾਂਮਾਰੀ ਤੋਂ ਆਪਣੇ ਦੇਸ਼ ਵਾਸੀਆਂ ਨੂੰ ਬਚਾਉਣ ਲਈ ਆਸਟ੍ਰੇਲੀਆ ਨੇ ਇਕ ਹੋਰ ਕਦਮ ਅੱਗੇ ਵਧਾਉਂਦੇ ਹੋਏ ਹਵਾਈ ਯਾਤਰਾ ਉਤੇ ਪਾਬੰਦੀਆਂ ਸਤੰਬਰ ਮਹੀਨੇ ਤਕ ਵਧਾ ਦਿਤੀਆਂ ਹਨ। ਯਾਤਰਾ ਪਾਬੰਦੀ ਦੇ ਬਾਵਜੂਦ ਵੀ ਕੁਝ ਉਡਾਣਾਂ ਨੂੰ ਇਜਾਜ਼ਤ ਹੋਵੇਗੀ। ਇਸ ਵਿਚ ਨਿਊਜ਼ੀਲੈਂਡ ਜਿਹੇ ਦੇਸ਼ਾਂ ਨਾਲ ਕੀਤੇ ਗਏ ’ਟ੍ਰੈਵਲ ਬੱਬਲ’ ਸ਼ਾਮਲ ਹਨ। ਦੂਜੇ ਪਾਸੇ ਪੈਸੀਫਿਕ ਆਈਲੈਂਡ, ਸਿੰਗਾਪੁਰ, ਜਾਪਾਨ, ਹਾਂਗਕਾਂਗ, ਦੱਖਣੀ ਕੋਰੀਆ ਅਤੇ ਤਾਇਵਾਨ ਦੇ ਨਾਲ ਵੀ ਆਸਟ੍ਰੇਲੀਆ ਯਾਤਰਾ ’ਟ੍ਰੈਵਲ ਬੱਬਲ’ ਕਰਨ ਵਾਲਾ ਸੀ ਪਰ ਇਹਨਾ ਦੇਸ਼ਾਂ ਵਿਚ ਹਾਲ ਹੀ ਦੇ ਦਿਨਾਂ ਵਿਚ ਸਾਹਮਣੇ ਆਏ ਮਹਾਮਾਰੀ ਦੇ ਪ੍ਰਕੋਪ ਨੂੰ ਦੇਖਦੇ ਹੋਏ ਫਿਲਹਾਲ ਇਹ ਯੋਜਨਾ ਸਫਲ ਨਹੀਂ ਹੋ ਪਾਈ। ਸਿਹਤ ਮੰਤਰੀ ਗ੍ਰੇਟ ਹੰਟ ਨੇ ਵੀਰਵਾਰ ਨੂੰ ਪੁਸ਼ਟੀ ਕੀਤੀ ਕਿ ਬਾਇਓਸਿਕਓਰਿਟੀ ਐਕਟ 2015 ਦੇ ਤਹਿਤ 17 ਮਾਰਚ, 2021 ਤੋਂ ਐਲਾਨੇ ‘ਹਿਊਮਨ ਬਾਇਓਸਿਕਓਟਿਰਟੀ ਐਮਰਜੈਂਸੀ ਪੀਰੀਅਡ’ ਨੂੰ ਤਿੰਨ ਮਹੀਨੇ ਲਈ ਵਧਾ ਦਿਤਾ ਗਿਆ ਹੈ। ਇਹ 17 ਜੂਨ, 2021 ਤਕ ਖ਼ਤਮ ਹੋਣ ਵਾਲਾ ਸੀ ਪਰ ਹੁਣ ਇਹ 17 ਸਤੰਬਰ, 2021 ਤਕ ਲਾਗੂ ਰਹੇਗਾ। ਇਥੇ ਦਸ ਦਈਏ ਕਿ ਸਤੰਬਰ ਤਕ ਆਸਟ੍ਰੇਲੀਆ ਦੀ ਸਰਹੱਦਾਂ ਨੂੰ ਬੰਦ ਕੀਤੇ ਹੋਏ ਡੇਢ ਸਾਲ ਪੂਰਾ ਹੋ ਜਾਵੇਗਾ। ਇਸ ਨੂੰ ਕੋਵਿਡ ਦੇ ਮਦੇਨਜ਼ਰ ਪਿਛਲੇ ਸਾਲ ਤੋਂ ਬੰਦ ਕੀਤਾ ਗਿਆ ਹੈ। ਦੂਜੇ ਪਾਸੇ ਦਸੰਬਰ 2021 ਤਕ ਸਾਰੇ ਆਸਟ੍ਰੇਲੀਆਈ ਨਾਗਰਿਕਾਂ ਦੇ ਟੀਕਾਕਰਨ ਦੇ ਉਦੇਸ਼ ਨਾਲ ਹਾਲੇ ਦੇਸ਼ ਕਾਫੀ ਪਿੱਛੇ ਚੱਲ ਰਿਹਾ ਹੈ। ਹੰਟ ਦੇ ਦਫਤਰ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਯਾਤਰਾ ਪਾਬੰਦੀ ਆਸਟ੍ਰੇਲੀਆਈ ਸਿਹਤ ਸੁਰੱਖਿਆ ਪ੍ਰਧਾਨ ਕਮੇਟੀ ਅਤੇ ਰਾਸ਼ਟਰਮੰਡਲ ਮੁੱਖ ਮੈਡੀਕਲ ਅਧਿਕਾਰੀ ਵਲੋਂ ਦਿਤੀ ਗਈ ਮਾਹਰ ਮੈਡੀਕਲ ਅਤੇ ਮਹਾਮਾਰੀ ਵਿਗਿਆਨ ਸਲਾਹ ’ਤੇ ਲਗਾਈ ਗਈ ਹੈ।