ਪੀ.ਏ.ਯੂ. ਦੇ ਕੀਟ ਵਿਗਿਆਨ ਵਿਭਾਗ ਨੇ ਨਰਮੇ ਦੇ ਮੁੱਖ ਕੀੜਿਆਂ ਦੀ ਰੋਕਥਾਮ ਲਈ ਗੋਸ਼ਟੀ ਕਰਵਾਈ
ਲੁਧਿਆਣਾ 17 ਮਾਰਚ, 2025
ਪੀ.ਏ.ਯੂ. ਦੇ ਕੀਟ ਵਿਗਿਆਨ ਵਿਭਾਗ ਨੇ ਬੀਤੇ ਦਿਨੀਂ ਨਰਮੇ ਦੇ ਕੀੜਿਆਂ ਦੀ ਰੋਕਥਾਮ ਲਈ ਮੌਲੀਕਿਊਲਰ ਵਿਧੀਆਂ ਦੀ ਵਰਤੋਂ ਸੰਬੰਧੀ ਦੋ ਰੋਜ਼ਾ ਵਰਕਸ਼ਾਪ ਆਯੋਜਿਤ ਕੀਤੀ| ਇਹ ਵਰਕਸ਼ਾਪ ਵਿਗਿਆਨ ਅਤੇ ਇੰਜਨੀਅਰਿੰਗ ਖੋਜ ਬੋਰਡ ਨਵੀਂ ਦਿੱਲੀ ਵੱਲੋਂ ਵਿਗਿਆਨਕ ਸਮਾਜ ਜ਼ਿੰਮੇਵਾਰੀ ਯੋਜਨਾ ਤਹਿਤ ਆਯੋਜਿਤ ਕੀਤੀ ਗਈ| ਇਸਦੇ ਸੰਯੋਜਕ ਡਾ. ਵਿਕਾਸ ਜਿੰਦਲ ਅਤੇ ਡਾ. ਵਿਜੇ ਕੁਮਾਰ ਸਨ| ਵਰਕਸ਼ਾਪ ਵਿਚ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਤੋਂ ਮੌਲੀਕਿਊਲਰ ਵਿਗਿਆਨ ਦੀਆਂ ਨਵੀਨ ਤਕਨੀਕਾਂ ਨਾਲ ਸੰਬੰਧਿਤ ਮਾਹਿਰ ਸ਼ਾਮਿਲ ਹੋਏ ਅਤੇ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਤੋਂ 25 ਦੇ ਕਰੀਬ ਵਿਗਿਆਨੀਆਂ ਨੇ ਇਸ ਵਰਕਸ਼ਾਪ ਵਿਚ ਹਿੱਸਾ ਲਿਆ| ਵਰਕਸ਼ਾਪ ਵਿਚ ਭਾਸ਼ਣਾ ਅਤੇ ਪੇਸ਼ਕਾਰੀਆਂ ਰਾਹੀਂ ਨਰਮੇ ਦੇ ਕੀੜਿਆਂ-ਮਕੌੜਿਆਂ ਦੀ ਰੋਕਥਾਮ ਦੀਆਂ ਵਿਧੀਆਂ ਸੁਝਾਈਆਂ ਗਈਆਂ| ਵਿਹਾਰਕ ਸਿਖਲਾਈ ਵਿਚ ਡੀ ਐੱਨ ਏ ਬਾਰਕੋਡਿੰਗ ਅਤੇ ਜੀਨ ਕਲੋਨਿੰਗ ਵਰਗੀਆਂ ਵਿਕਸਿਤ ਤਕਨੀਕਾਂ ਬਾਰੇ ਦੱਸਿਆ ਗਿਆ|

ਇਸ ਵਰਕਸ਼ਾਪ ਵਿਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਨੇ ਨਰਮੇ ਦੀ ਉਪਜ ਅਤੇ ਕਾਸ਼ਤ ਵਧਾਉਣ ਲਈ ਕੀੜੇ-ਮਕੌੜਿਆਂ ਦੀ ਰੋਕਥਾਮ ਨੂੰ ਲਾਜ਼ਮੀ ਕਰਾਰ ਦਿੱਤਾ| ਉਹਨਾਂ ਕਿਹਾ ਕਿ ਰਵਾਇਤੀ ਤਰੀਕਿਆਂ ਦੇ ਨਾਲ-ਨਾਲ ਨਵੀਆਂ ਵਿਗਿਆਨਕ ਵਿਧੀਆਂ ਵਾਤਾਵਰਨ ਦੀ ਸੰਭਾਲ ਪੱਖੋਂ ਬੇਹੱਦ ਕਾਰਗਾਰ ਸਾਬਤ ਹੋ ਰਹੀਆਂ ਹਨ ਅਤੇ ਇਹ ਵਰਕਸ਼ਾਪ ਇਸ ਪੱਖ ਤੋਂ ਨਵੀਂ ਖੋਜ ਸਾਹਮਣੇ ਲਿਆਉਣ ਦਾ ਉੱਦਮ ਸਾਬਿਤ ਹੋਵੇਗੀ|
ਡਾ. ਮਨਮੀਤ ਬਰਾੜ ਭੁੱਲਰ ਨੇ ਕਿਹਾ ਕਿ ਨੌਜਵਾਨ ਵਿਗਿਆਨੀਆਂ ਦੀ ਪੀੜੀ ਨੂੰ ਇਸ ਮਸਲੇ ਸੰਬੰਧੀ ਸਿਖਿਅਤ ਕਰਨ ਲਈ ਇਸ ਵਰਕਸ਼ਾਪ ਵਿਚ ਬੇਹੱਦ ਅਹਿਮ ਨੁਕਤੇ ਵਿਚਾਰੇ ਗਏ| ਉਹਨਾਂ ਨੇ ਵਰਕਸ਼ਾਪ ਵਿਚ ਭਾਗ ਲੈਣ ਵਾਲੇ ਵਿਗਿਆਨੀਆਂ ਦਾ ਧੰਨਵਾਦ ਵੀ ਕੀਤਾ|