ਨਵੀਂ ਦਿੱਲੀ: ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਖੇਤੀ ਕਾਨੂੰਨਾਂ ਨੂੰ ਛੱਡ ਕਿਸਾਨ ਕੋਈ ਵੀ ਗੱਲ ਸਰਕਾਰ ਨਾਲ ਕਰ ਸਕਦੇ ਹਨ। ਇਸ ਉੱਪਰ ਕਿਸਾਨਾਂ ਨੇ ਦੋ-ਟੁੱਕ ਜਵਾਬ ਦਿੰਦਿਆਂ ਕਿਹਾ ਸੀ ਕਿ ਹੁਣ ਗੱਲਬਾਤ ਹਾਲਚਾਲ ਪੁੱਛਣ ਲਈ ਨਹੀਂ ਸਗੋਂ ਕਾਨੂੰਨ ਰੱਦ ਕਰਾਉਣ ਬਾਰੇ ਹੀ ਹੋਏਗੀ। ਇਸ ਮਗਰੋਂ ਖੇਤੀ ਮੰਤਰੀ ਥੋੜ੍ਹੇ ਠੰਢੇ ਪਏ ਨਜ਼ਰ ਆ ਰਹੇ ਹਨ।
ਹੁਣ ਤੋਮਰ ਨੇ ਕਿਹਾ ਹੈ ਕਿ ਉਹ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਹਨ ਬਸ਼ਰਤੇ ਉਹ ਖੇਤੀਬਾੜੀ ਸੁਧਾਰ ਕਾਨੂੰਨਾਂ ਬਾਰੇ ਆਪਣੇ ਕੋਈ ਖ਼ਾਸ ਤਰਕਪੂਰਨ ਇਤਰਾਜ਼ ਪ੍ਰਗਟਾਉਣ। ਤੋਮਰ ਨੇ ਕਿਹਾ ਕਿ ਸਰਕਾਰ ਅੰਦੋਲਨ ਕਰ ਰਹੇ ਕਿਸਾਨਾਂ ਦਾ ਸਨਮਾਨ ਕਰਦੀ ਹੈ ਜਿਸ ਕਰਕੇ ਉਨ੍ਹਾਂ ਨਾਲ 11 ਗੇੜ ਦੀ ਗੱਲਬਾਤ ਕੀਤੀ ਗਈ। ਉਧਰ ਕਾਂਗਰਸ ਨੇ ਇਸ ਟਿੱਪਣੀ ’ਤੇ ਵੀ ਖੇਤੀਬਾੜੀ ਮੰਤਰੀ ਨੂੰ ਘੇਰਿਆ ਹੈ। ਕਾਂਗਰਸ ਨੇ ਇਸ ਨੂੰ ’ਸੰਵੇਦਨਹੀਣ’ ਕਰਾਰ ਦਿੰਦਿਆਂ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੂੰ ਹਟਾਉਣ ਦੀ ਮੰਗ ਕੀਤੀ।
ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ’ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਭਾਰਤ ਸਰਕਾਰ ਕਿਸਾਨਾਂ ਦਾ ਬਹੁਤ ਸਤਿਕਾਰ ਕਰਦੀ ਹੈ ਤੇ ਇਸੇ ਲਈ ਜਦੋਂ ਵੀ ਕਿਸਾਨ ਗੱਲਬਾਤ ਕਰਨੀ ਚਾਹੁਣਗੇ, ਤਾਂ ਸਰਕਾਰ ਗੱਲਬਾਤ ਕਰਨ ਲਈ ਤਿਆਰ ਹੋਵੇਗੀ ਪਰ, ਅਸੀਂ ਵਾਰ ਵਾਰ ਕਿਸਾਨ ਯੂਨੀਅਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਤਰਕ ਨਾਲ ਕਾਨੂੰਨ ਦੇ ਸਬੰਧਤ ਧਾਰਾਵਾਂ ’ਤੇ ਇਤਰਾਜ਼ ਉਠਾਉਣ ਤੇ ਅਸੀਂ ਉਨ੍ਹਾਂ ਦੀ ਗੱਲ ਸੁਣਾਂਗੇ ਤੇ ਉਨ੍ਹਾਂ ਦੀਆਂ ਚਿੰਤਾਵਾਂ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰਾਂਗੇ। ”
ਉਨ੍ਹਾਂ ਕਿਹਾ ਕਿ ਸਰਕਾਰ ਨੇ 11 ਵਾਰ ਕਿਸਾਨਾਂ ਨਾਲ ਗੱਲਬਾਤ ਕੀਤੀ ਸੀ ਤੇ ਉਨ੍ਹਾਂ ਨੂੰ ਪੁੱਛਿਆ ਸੀ ਕਿ ਕਾਨੂੰਨਾਂ ਪ੍ਰਤੀ ਉਨ੍ਹਾਂ ਦਾ ਇਤਰਾਜ਼ ਕੀ ਹੈ ਤੇ ਕਾਨੂੰਨਾਂ ਦਾ ਉਹ ਕਿਹੜਾ ਪ੍ਰਬੰਧ ਬੇਇਨਸਾਫੀ ਮੰਨਦੇ ਹਨ। ਮੰਤਰੀ ਨੇ ਕਿਹਾ ’ਪਰ, ਨਾ ਤਾਂ ਕਿਸੇ ਰਾਜਨੀਤਕ ਪਾਰਟੀ ਨੇ ਸਦਨ ਵਿੱਚ ਇਸ ਮਾਮਲੇ’ ਤੇ ਕੋਈ ਪ੍ਰਤੀਕਿਰਿਆ ਦਿੱਤੀ ਤੇ ਨਾ ਹੀ ਕਿਸੇ ਕਿਸਾਨ ਯੂਨੀਅਨ ਦੇ ਨੇਤਾ ਨੇ ਕੁਝ ਦੱਸਿਆ। ਇਸ ਲਈ ਗੱਲਬਾਤ ਅੱਗੇ ਨਹੀਂ ਵਧੀ। ’
ਹੋਰ ਖਾਸ ਖ਼ਬਰਾਂ ਲਈ ਇਥੇ ਕਲਿਕ ਕਰੋ