ਲੁਧਿਆਣਾ :- ਸਰਕਾਰੀ ਨੌਕਰੀ ਦਿਵਾਉਣ ਦੇ ਨਾਂ ’ਤੇ ਰਾਸ਼ਟਰੀ ਪੱਧਰ ਦੀ ਖਿਡਾਰਨ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਲੁਧਿਆਣਾ ਸਿਟੀ ਦੇ ਟਰੈਫਿਕ ਵਿੰਗ ’ਚ ਤਾਇਨਾਤ ਸਬ-ਇੰਸਪੈਕਟਰ ਜਗਜੀਤ ਸਿੰਘ ਅਤੇ ਉਸ ਦੇ 2 ਹੋਰ ਸਾਥੀਆਂ ਮਹਿੰਦਰ ਸਿੰਘ ਅਤੇ ਸਰਬਜੀਤ ਸਿੰਘ ਛੱਬੀ ਖ਼ਿਲਾਫ਼ ਥਾਣਾ ਸਲੇਮ ਟਾਬਰੀ ’ਚ ਪਰਚਾ ਦਰਜ ਕੀਤਾ ਗਿਆ ਹੈ। ਹਾਲਾਂਕਿ ਇਸ ਕੇਸ ’ਚ ਅਜੇ ਕਿਸੇ ਦੀ ਗ੍ਰਿਫਤਾਰੀ ਨਹੀਂ ਹੋ ਸਕੀ, ਜਦੋਂਕਿ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਭਾਲ ’ਚ ਉਨ੍ਹਾਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਬੀਤੇ ਹਫਤੇ ਇਕ ਔਰਤ ਨੇ ਪੁਲਿਸ ਕਮਿਸ਼ਨਰ ਆਫਿਸ ਜਾ ਕੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਟਰੈਫਿਕ ਵਿੰਗ ’ਚ ਤਾਇਨਾਤ ਜ਼ੋਨ ਇੰਚਾਰਜ ਸਬ-ਇੰਸਪੈਕਟਰ ਜਗਜੀਤ ਸਿੰਘ ਉਸ ਦੇ ਇਕ ਜਾਣਕਾਰ ਮਹਿੰਦਰ ਸਿੰਘ ਜ਼ਰੀਏ ਮਿਲਿਆ ਸੀ। ਵੇਟ ਲਿਫਟਿੰਗ ਦੀ ਰਾਸ਼ਟਰੀ ਪੱਧਰ ਦੀ ਖਿਡਾਰਨ ਹੋਣ ਕਾਰਨ ਸਬ-ਇੰਸਪੈਕਟਰ ਨੇ ਉਸ ਨੂੰ ਸਰਕਾਰੀ ਨੌਕਰੀ ਦਿਵਾਉਣ ਦਾ ਭਰੋਸਾ ਦਿੱਤਾ ਅਤੇ ਉਸ ਨੂੰ ਜਲੰਧਰ ਬਾਈਪਾਸ ਨੇੜੇ ਇਕ ਹੋਟਲ ’ਚ ਬੁਲਾ ਕੇ ਉਸ ਨਾਲ ਜਬਰ-ਜ਼ਨਾਹ ਕੀਤਾ। ਇਸ ਦੇ ਨਾਲ ਹੀ ਕਥਿਤ ਮੁਲਜ਼ਮ ਨੇ ਉਸ ਦੀ ਅਸ਼ਲੀਲ ਫੋਟੋ ਅਤੇ ਮੋਬਾਇਲ ’ਚ ਵੀਡੀਓ ਬਣਾ ਲਈਆਂ। ਇਸ ਤੋਂ ਬਾਅਦ ਉਸ ਨੂੰ ਬਲੈਕਮੇਲ ਕਰਦੇ ਹੋਏ ਕਈ ਵਾਰ ਵੱਖ-ਵੱਖ ਹੋਟਲਾਂ ’ਚ ਲਿਜਾ ਕੇ ਜਬਰ-ਜ਼ਨਾਹ ਕੀਤਾ।