ਨਵੀਂ ਦਿੱਲੀ: ਪਹਿਲਵਾਨ ਸਾਗਰ ਹੱਤਿਆ ਮਾਮਲੇ ਵਿਚ ਜੇਲ੍ਹ ਵਿਚ ਬੰਦ ਓਲੰਪਿਕ ਮੈਡਲ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਨੇ ਵਾਧੂ ਪ੍ਰੋਟੀਨ ਖੁਰਾਕ ਲਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਉਹਨਾਂ ਨੇ ਸਬੰਧਤ ਕੋਰਟ ਕੋਲ ਜੇਲ੍ਹ ਪ੍ਰਸ਼ਾਸਨ ਵਲੋਂ ਉਹਨਾਂ ਨੂੰ ਵਾਧੂ ਪ੍ਰੋਟੀਨ ਖੁਰਾਕ ਦੇਣ ਦੀ ਅਪੀਲ ਕੀਤੀ ਹੈ। ਇਸ ਮਾਮਲੇ ਵਿਚ ਤਿਹਾੜ ਜੇਲ੍ਹ ਪ੍ਰਸ਼ਾਸਨ ਕੋਲੋਂ ਜਵਾਬ ਮੰਗਿਆ ਗਿਆ ਹੈ, ਜਿਸ ਵਿਚ ਉਹਨਾਂ ਨੂੰ ਇਹ ਦੱਸਣਾ ਹੋਵੇਗਾ ਕਿ ਕੀ ਜੇਲ੍ਹ ਪ੍ਰਸ਼ਾਸਨ ਸੁਸ਼ੀਲ ਕੁਮਾਰ ਦੀ ਇਹ ਮੰਗ ਪੂਰੀ ਕਰ ਸਕੇਗਾ ਜਾਂ ਨਹੀਂ?
ਫਿਲਹਾਲ ਜੇਲ੍ਹ ਪ੍ਰਸ਼ਾਸਨ ਵਲੋਂ ਇਸ ਮਾਮਲੇ ਵਿਚ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਜੇਲ੍ਹ ਸੂਤਰਾਂ ਅਨੁਸਾਰ ਮੰਡੋਲੀ ਦੀ ਜੇਲ੍ਹ ਨੰਬਰ-15 ਵਿਚ ਕੈਦ ਸੁਸ਼ੀਲ ਜਿੰਮ ਸਹੂਲਤ ਨਾ ਹੋਣ ਕਾਰਨ ਸਵੇਰੇ-ਸ਼ਮਾ ਕਸਰਤ ਕਰ ਰਹੇ ਹਨ। ਉਹਨਾਂ ਨੂੰ ਜ਼ਿਆਦਾ ਖਾਣਾ ਖਾਣ ਤੋਂ ਨਹੀਂ ਰੋਕਿਆ ਜਾ ਰਿਹਾ। ਉਹ ਅਪਣਾ ਜ਼ਿਆਦਾਤਰ ਸਮਾਂ ਕਸਰਤ ਕਰਨ ਵਿਚ ਹੀ ਲਗਾਉਂਦੇ ਹਨ ਤਾਂ ਜੋ ਉਹਨਾਂ ਦੀ ਸਿਹਤ ਠੀਕ ਰਹੇ। ਇਸ ਤੋਂ ਇਲਾਵਾ ਉਹ ਫਰਸ਼ ਉੱਤੇ ਚਾਦਰ ਵਿਛਾ ਕੇ ਆਮ ਕੈਦੀਆਂ ਦੀ ਤਰ੍ਹਾਂ ਰਹਿ ਰਹੇ ਹਨ।
ਜੇਲ੍ਹ ਵਿਚ ਤਮਿਲਨਾਡੂ ਸਪੈਸ਼ਲ ਪੁਲਿਸ ਤੋਂ ਇਲਾਵਾ ਸੀਆਰਪੀਐਫ ਦੀ ਸੁਰੱਖਿਆ ਵੀ ਹੈ। ਉਹਨਾਂ ਦੇ ਸੈੱਲ ਅੰਦਰ ਅਤੇ ਬਾਹਰ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ।