ਮਾਮਲਾ 2017 ਦਾ, ਫ਼ੈਸਲਾ ਹੁਣ ਆਇਆ
ਸਕੂਲ ’ਚ ਲਗਾਤਾਰ ਬੱਚੇ ਦੀ ਮਾਰਕੁੱਟ ਬਣਿਆ ਖ਼ੁਦਕੁਸ਼ੀ ਦਾ ਕਾਰਨ
ਸਕੂਲ ਪ੍ਰਬੰਧਕਾਂ ਨੇ ਵੀ ਲੁਕੋਈ ਜਾਣਕਾਰੀ
ਹੁਣ 4 ਸਾਲ ਬਾਅਦ ਪਰਵਾਰ ਨੂੰ ਮਿਲੇਗਾ 21 ਕਰੋੜ ਦਾ ਹਰਜਾਨਾ
ਸਿਨਸਿਨਾਟੀ : ਅਮਰੀਕਾ ਦੇ ਸਿਨਸਿਨਾਟੀ ਦੇ ਸਕੂਲ ਵਿਚ ਪੜ੍ਹਨ ਵਾਲੇ 8 ਸਾਲ ਦੇ ਗੈਬ੍ਰਿਅਲ ਟਾਏ ਨੂੰ ਪ੍ਰਾਇਮਰੀ ਸਕੂਲ ਵਿਚ ਇਕ ਸਾਲ ਤਕ ਬੁਰੀ ਤਰ੍ਹਾਂ ਪ੍ਰੇਸ਼ਾਨ ਕੀਤਾ ਗਿਆ। ਤੀਜੀ ਕਲਾਸ ਦੇ ਗੈਬ੍ਰਿਅਲ ਦਾ ਸਪਨਾ ਫ਼ੌਜ ਵਿਚ ਜਾਣ ਦਾ ਸੀ। ਉਹ ਨੈਕਟਾਈ ਪਹਿਨਦਾ ਸੀ। ਕਾਰਸਨ ਐਲੀਮੈਂਟਰੀ ਸਕੂਲ ਦੇ ਵਿਦਿਆਰਥੀ ਉਸ ਨੂੰ ਵਾਰ ਵਾਰ ਕੁੱਟਦੇ ਸੀ। ਉਸ ਦੀ ਨਕਲ ਕਰਦੇ ਅਤੇ ਉਸ ਦਾ ਮਜ਼ਾਕ ਉਡਾਉਂਦੇ ਸੀ।
ਪੁਲਿਸ ਨੇ ਦਰਜ ਮੁਕੱਦਮੇ ਵਿਚ ਕਿਹਾ ਕਿ ਉਹ 24 ਜਨਵਰੀ 2017 ਨੂੰ ਇਕ ਵਿਦਿਆਰਥੀ ਨੇ ਉਸ ਨੂੰ ਰੈਸਟ ਰੂਮ ਦੇ ਫ਼ਰਸ਼ ’ਤੇ ਡੇਗ ਕੇ ਬੇਹੋਸ਼ ਕਰ ਦਿਤਾ ਸੀ। ਵੀਡੀਉ ਫ਼ੁਟੇਜ ਵਿਚ ਦੇਖਿਆ ਗਿਆ ਕਿ ਗੈਬ੍ਰਿਅਲ ਫ਼ਰਸ਼ ’ਤੇ ਲਗਭਗ ਸੱਤ ਮਿੰਟ ਤਕ ਬੇਹੋਸ਼ ਪਿਆ ਰਿਹਾ। ਕੋਲ ਤੋਂ ਲੰਘਣ ਵਾਲੇ ਵਿਦਿਆਰਥੀ ਉਸ ਨੂੰ ਲੱਤਾਂ ਮਾਰਦੇ ਰਹੇ। ਘਟਨਾ ਤੋਂ ਅਣਜਾਣ ਉਸ ਦੀ ਮਾਂ ਨੇ ਉਸ ਨੂੰ ਦੋ ਦਿਨ ਬਾਅਦ ਸਕੂਲ ਭੇਜ ਦਿਤਾ। ਗੈਬ੍ਰਿਅਲ ਨੂੰ ਮੁੜ ਤੰਗ ਕੀਤਾ ਗਿਆ। ਉਹ ਸਕੂਲ ਤੋਂ ਘਰ ਪਰਤਿਆ ਅਤੇ ਇਕ ਨੈਕਟਾਈ ਨਾਲ ਫ਼ਾਂਸੀ ਲਾ ਕੇ ਜਾਨ ਦੇ ਦਿਤੀ।
ਖ਼ੁਦਕੁਸ਼ੀ ਦੇ ਚਾਰ ਸਾਲ ਬਾਅਦ ਸਿਨਸਿਨਾਟੀ ਦੇ ਸਰਕਾਰੀ ਸਕੂਲ ਨੇ ਗੈਬ੍ਰਿਅਲ ਦੇ ਪਰਵਾਰ ਨੂੰ 21 ਕਰੋੜ ਰੁਪਏ ਹਰਜਾਨਾ ਦੇਣ ’ਤੇ ਸਹਿਮਤੀ ਜਤਾਈ। ਸਕੂਲ ਨੇ ਵਿਦਿਆਰਥੀਆਂ ਨੂੰ ਕੁੱਟਮਾਰ ਤੋਂ ਰੋਕਣ ਦਾ ਮਜ਼ਬੂਤ ਸਿਸਟਮ ਬਣਾਉਣ ਦਾ ਵਾਅਦਾ ਕੀਤਾ ਹੈ। ਹੁਣ ਸਕੂਲ ਵਿਚ ਗੈਬ੍ਰਿਅਲ ਦੀ ਯਾਦਗਾਰ ਵੀ ਬਣਾਈ ਜਾਵੇਗੀ। ਇਥੇ ਦਸਣਯੋਗ ਹੈ ਕਿ ਪਹਿਲੀ ਅਤੇ ਦੂਜੀ ਕਲਾਸ ਵਿਚ ਰਹਿੰਦੇ ਹੋਏ ਗੈਬ੍ਰਿਅਲ ਕਈ ਵਾਰ ਸਕੂਲ ਤੋਂ ਪਰਤਿਆ ਤਾਂ ਉਸ ਦੇ ਸਰੀਰ ’ਤੇ ਸੱਟਾਂ ਲੱਗੀਆਂ ਸਨ। ਉਸ ਦੇ ਦੋ ਦੰਦ ਵੀ ਟੁੱਟ ਗਏ ਸੀ। ਸਕੂਲ ਦੇ ਅਧਿਕਾਰੀਆਂ ਨੇ ਗੈਬ੍ਰਿਅਲ ਦੀ ਮਾਂ ਕਾਰਨੇਲਿਆ ਨੂੰ ਦਸਿਆ ਕਿ ਉਸ ਨੂੰ ਮੈਦਾਨ ਵਿਚ ਡਿੱਗਣ ਨਾਲ ਸੱਟ ਲੱਗੀ ਹੈ। ਤੀਜੀ ਕਲਾਸ ਵਿਚ ਹਾਲਾਤ ਹੋਰ ਖ਼ਰਾਬ ਹੋ ਗਏ। ਕਾਰਨੇਲਿਆ ਨੂੰ ਸ਼ੱਕ ਹੋਇਆ ਕਿ ਉਨ੍ਹਾਂ ਦੇ ਬੇਟੇ ਨੂੰ ਤੰਗ ਕੀਤਾ ਜ ਰਿਹਾ ਹੈ। ਗੈਬ੍ਰਿਅਲ ਨਾਲ ਹੋਈ ਮਾਰਕੁੱਟ ਦੀ ਘਟਨਾਵਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ।
ਸਕੂਲ ਵਿਚ 31 ਕੈਮਰੇ ਲੱਗੇ ਹਨ ਅਤੇ ਗੈਬ੍ਰਿਅਲ ਦੀ ਮਾਂ ਨੂੰ ਘਟਨਾ ਦੇ ਫ਼ੁਟੇਜ ਨਹੀਂ ਦਿਖਾਏ ਗਏ ਸੀ। ਪੁਲਿਸ ਨੇ ਦੋਸ਼ ਪੱਤਰ ਵਿਚ ਦਸਿਆ ਕਿ ਘਟਨਾ ਵਾਲੇ ਦਿਨ ਗੈਬ੍ਰਿਅਲ ਦੇ ਬੇਹੋਸ਼ ਹੋਣ ਤੋਂ ਬਾਅਦ ਸਕੂਲ ਨਰਸ ਨੇ ਉਸ ਦੀ ਮਾਂ ਨੂੰ ਘੰਟੇ ਬਾਅਦ ਸੂਚਨਾ ਦਿਤੀ। ਉਨ੍ਹਾਂ ਦਸਿਆ ਗਿਆ ਕਿ ਗੈਬ੍ਰਿਅਲ ਬੇਹੋਸ਼ ਹੋ ਗਿਆ ਹੈ। ਮਾਤਾ ਪਿਤਾ ਨੂੰ ਰੈਸਟ ਰੂਮ ਵਿਚ ਹਮਲੇ ਦੀ ਜਾਣਕਾਰੀ ਕਈ ਮਹੀਨੇ ਬਾਅਦ ਮਿਲੀ। ਇਸ ਤੋਂ ਬਾਅਦ ਉਨ੍ਹਾਂ ਨੇ ਜਾਂਚ ਸ਼ੁਰੂ ਕੀਤੀ। ਫੇਰ ਕੇਂਦਰ ਸਰਕਾਰ ਦੇ ਪ੍ਰੌਸੀਕਿਊਟਰ ਨੇ ਮਾਮਲਾ ਹੱਥ ਵਿਚ ਲਿਆ।