ਨਵੀਂ ਦਿੱਲੀ : ਪੈਟਰੋਲ, ਡੀਜ਼ਲ ਕੀਮਤਾਂ ਨੂੰ ਲੈ ਕੇ ਤੁਹਾਡੀ ਜੇਬ ਨੂੰ ਤਕੜਾ ਝਟਕਾ ਲੱਗਣ ਵਾਲਾ ਹੈ। 4 ਮਈ ਤੋਂ ਹੁਣ ਤੱਕ ਪੈਟਰੋਲ 4.36 ਰੁਪਏ ਅਤੇ ਡੀਜ਼ਲ 4.93 ਰੁਪਏ ਪ੍ਰਤੀ ਲਿਟਰ ਮਹਿੰਗਾ ਹੋ ਚੁੱਕਾ ਹੈ, ਜਿਸ ਵਿਚ ਅੱਗੇ ਹੋਰ ਵਾਧਾ ਹੋਣ ਦਾ ਖ਼ਦਸ਼ਾ ਹੈ। ਪੈਟਰੋਲੀਅਮ ਦੇਸ਼ਾਂ ਦੇ ਸੰਗਠਨ ਓਪੇਕ ਪਲੱਸ ਨੇ ਕਿਹਾ ਹੈ ਕਿ ਉਹ ਸਪਲਾਈ ਸੀਮਤ ਰੱਖਣ ਦੀ ਸਹਿਮਤੀ 'ਤੇ ਫਿਲਹਾਲ ਕਾਇਮ ਰਹਿਣਗੇ। ਇਸ ਵਿਚਕਾਰ ਅਮਰੀਕੀ ਕੱਚੇ ਤੇਲ ਦੇ ਉਤਪਾਦਨ ਵਿਚ ਵੀ ਬੀਤੇ ਹਫ਼ਤੇ ਦੇ ਮੁਕਾਬਲੇ ਕਮੀ ਆਉਣ ਨਾਲ ਗਲੋਬਲ ਪੱਧਰ 'ਤੇ ਕੱਚਾ ਤੇਲ ਉਬਾਲ ਮਾਰ ਰਿਹਾ ਹੈ।
ਬ੍ਰੈਂਟ ਕੱਚਾ ਤੇਲ ਮਈ 2019 ਤੋਂ ਬਾਅਦ ਪਹਿਲੀ ਵਾਰ 72 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਿਆ ਹੈ। ਇਸ ਨਾਲ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਵਿਚ ਹੋਰ ਵਾਧਾ ਹੋਣ ਦੀ ਸੰਭਾਵਨਾ ਵੱਧ ਗਈ ਹੈ। ਸ਼੍ਰੀਗੰਗਾਨਗਰ, ਮੁੰਬਈ ਸਣੇ ਕੁਝ ਸ਼ਹਿਰਾਂ ਵਿਚ ਤਾਂ ਪੈਟਰੋਲ 100 ਰੁਪਏ ਪ੍ਰਤੀ ਤੋਂ ਪਾਰ ਪਹੁੰਚ ਚੁੱਕਾ ਹੈ। ਉੱਥੇ ਹੀ, ਹੁਣ ਪੰਜਾਬ ਵਿਚ ਇਹ ਸੈਂਕੜਾ ਲਾਉਣ ਤੋਂ ਸਿਰਫ਼ 3-4 ਰੁਪਏ ਦੂਰ ਹੈ।
ਇਸ ਹਫ਼ਤੇ ਬ੍ਰੈਂਟ ਨੇ 3.2 ਫ਼ੀਸਦੀ ਤੇ ਡਬਲਿਊ. ਟੀ. ਆਈ. ਕਰੂਡ ਨੇ ਤਕਰੀਬਨ 5 ਫ਼ੀਸਦੀ ਉਛਾਲ ਦਰਜ ਕੀਤਾ ਹੈ। ਇਨ੍ਹਾਂ ਵਿਚ ਤੇਜ਼ੀ ਦਾ ਇਹ ਲਗਾਤਾਰ ਦੂਜਾ ਹਫ਼ਤਾ ਹੈ। ਸ਼ੁੱਕਰਵਾਰ ਨੂੰ ਬ੍ਰੈਂਟ ਇਸ ਤੋਂ ਪਿਛਲੇ ਦਿਨ ਨਾਲੋਂ 0.8 ਫ਼ੀਸਦੀ ਚੜ੍ਹ ਕੇ 71.89 ਡਾਲਰ ਪ੍ਰਤੀ ਬੈਰਲ 'ਤੇ ਬੰਦ ਹੋਇਆ ਹੈ, ਕਾਰੋਬਾਰ ਦੌਰਾਨ ਇਹ 72.17 ਡਾਲਰ ਤੱਕ ਦੀ ਉਚਾਈ ਤੱਕ ਪਹੁੰਚ ਗਿਆ ਸੀ। ਉੱਥੇ ਹੀ, ਵੈਸਟ ਟੈਕਸਾਸ ਇੰਟਰਮੇਡੀਏਟ (ਡਬਲਿਊ. ਟੀ. ਆਈ.) ਕਰੂਡ 1.18 ਫ਼ੀਸਦੀ ਦੀ ਤੇਜ਼ੀ ਨਾਲ 69.62 ਡਾਲਰ ਪ੍ਰਤੀ ਬੈਰਲ 'ਤੇ ਸਮਾਪਤ ਹੋਇਆ ਹੈ। ਇਹ ਇਸ ਦਾ ਅਕਤੂਬਰ 2018 ਤੋਂ ਬਾਅਦ ਦਾ ਸਭ ਤੋਂ ਉੱਚਾ ਮੁੱਲ ਹੈ। ਸੰਯੁਕਤ ਰਾਜ ਅਮਰੀਕਾ ਵਰਗੇ ਦੇਸ਼ਾਂ ਵਿਚ ਅਰਥਵਿਵਸਥਾ ਖੁੱਲ੍ਹਣ ਨਾਲ ਤੇਲ ਦੀ ਮੰਗ ਵੱਧ ਰਹੀ ਹੈ। ਹਾਲਾਂਕਿ, ਬ੍ਰਾਜ਼ੀਲ ਅਤੇ ਭਾਰਤ ਵਰਗੇ ਦੇਸ਼ਾਂ ਵਿਚ ਕੋਰੋਨਾ ਪਾਬੰਦੀਆਂ ਦੀ ਵਜ੍ਹਾ ਨਾਲ ਤੇਲ ਬਾਜ਼ਾਰਾਂ ਵਿਚ ਮੰਗ ਪ੍ਰਭਾਵਿਤ ਹੋ ਰਹੀ ਹੈ। ਇਸ ਹਫ਼ਤੇ ਤੇਲ ਕੀਮਤਾਂ ਵਿਚ ਤੇਜ਼ੀ ਦੀ ਇਕ ਵਜ੍ਹਾ ਅਮਰੀਕਾ ਤੇ ਈਰਾਨ ਵਿਚਾਲੇ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਗੱਲਬਾਤ ਮੱਧਮ ਪੈਣਾ ਵੀ ਹੈ, ਜਿਸ ਨਾਲ ਈਰਾਨੀ ਤੇਲ ਦੀ ਸਪਲਾਈ ਵਧਣ ਦੀ ਉਮੀਦ ਘਟੀ ਹੈ।