ਵਲਟੋਹਾ : ਸਰਹੱਦੀ ਕਸਬਾ ਵਲਟੋਹਾ ਤੋਂ ਜਿੱਥੇ ਸੀ.ਐੱਸ.ਸੀ. ਸੈਂਟਰ ਚਲਾਉਣ ਵਾਲੇ ਵਿਅਕਤੀ ਨੇ ਆਪਣੇ ਨਿੱਜੀ ਮੁਫ਼ਾਦ ਅਤੇ ਪੈਸੇ ਕਮਾਉਣ ਦੀ ਲਾਲਸਾ ਨੇ ਇੱਕ ਬਜ਼ੁਰਗ ਔਰਤ ਅਤੇ ਅੰਗਹੀਣ ਵਿਅਕਤੀ ਨੂੰ ਜਾਅਲੀ ਪੈਨਸ਼ਨ ਸਰਟੀਫਿਕੇਟ ਜਾਰੀ ਕਰ ਦਿੱਤਾ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਨਿਸ਼ਾਨ ਸਿੰਘ ਪੁੱਤਰ ਬਲਵੀਰ ਸਿੰਘ ਅਤੇ ਉਸ ਦੀ ਪਤਨੀ ਹਰਜੀਤ ਕੌਰ ਨੇ ਦੱਸਿਆ ਕਿ ਉਹ ਅੰਗਹੀਣ ਹੈ ਜਦ ਕਿ ਉਸ ਦੀ ਪਤੀ ਬਜ਼ੁਰਗ ਹੈ ਅਤੇ ਬੁਢਾਪਾ ਕੈਟਾਗਿਰੀ ਵਿਚ ਆਉਂਦੀ ਹੈ। ਸਾਲ 2019 ਵਿਚ ਉਹ ਆਪਣੀ ਪਤਨੀ ਸਮੇਤ ਸੀ.ਐੱਸ.ਸੀ. ਸੈਂਟਰ ਵਲਟੋਹਾ ਵਿਖੇ ਗਏ ਅਤੇ ਸੀ.ਐੱਸ.ਸੀ. ਵਿਚ ਤਾਇਨਾਤ ਰਾਜਵਿੰਦਰ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਕਲਸੀਆਂ ਕਲਾਂ ਨੂੰ ਮੈਂ ਆਪਣੀ ਅੰਗਹੀਣ ਅਤੇ ਆਪਣੀ ਪਤਨੀ ਦੀ ਬੁਢਾਪਾ ਪੈਨਸ਼ਨ ਲਗਾਉਣ ਸਬੰਧੀ ਬੇਨਤੀ ਕੀਤੀ। ਜਿਸ ’ਤੇ ਉਕਤ ਵਿਅਕਤੀ ਰਾਜਵਿੰਦਰ ਸਿੰਘ ਨੇ ਸਾਡੇ ਫਾਰਮ ਭਰ ਕੇ ਸਾਡੇ ਕੋਲੋਂ ਪੈਸੇ ਲੈ ਲਏ ਅਤੇ ਸਾਨੂੰ ਇੱਕ ਹਫ਼ਤੇ ਬਾਅਦ ਦੁਬਾਰਾ ਸੈਂਟਰ ’ਤੇ ਆਉਣ ਲਈ ਕਿਹਾ।
ਜਦ ਅਸੀਂ 8 ਦਿਨਾਂ ਬਾਅਦ ਵਾਪਿਸ ਉਸ ਦੇ ਸੈਂਟਰ ਵਿਚ ਗਏ ਤਾਂ ਉਕਤ ਵਿਅਕਤੀ ਨੇ ਸਾਨੂੰ ਦੋਵਾਂ ਨੂੰ ਪੈਨਸ਼ਨ ਸੈਂਕਸ਼ਨ ਸਰਟੀਫਿਕੇਟ ਜਾਰੀ ਕਰ ਦਿੱਤੇ ਅਤੇ ਕਿਹਾ ਕਿ ਇਹ ਜਾ ਕੇ ਪੈਨਸ਼ਨ ਦਫ਼ਤਰ ਤਰਨਤਾਰਨ ਵਿਖੇ ਜਮ੍ਹਾਂ ਕਰਵਾਉਣ ਤੋਂ ਬਾਅਦ ਤੁਹਾਡੀ ਪੈਨਸ਼ਨ ਬੈਂਕ ਖਾਤਿਆਂ ਵਿਚ ਆ ਜਾਵੇਗੀ।
ਲੇਕਿਨ ਫਾਰਮ ਜਮ੍ਹਾਂ ਕਰਵਾਉਣ ਤੋਂ ਬਾਅਦ ਸਾਡੀ ਪੈਨਸ਼ਨ ਨਹੀਂ ਆਈ ਅਤੇ ਅਸੀਂ 4-5 ਵਾਰ ਪੈਨਸ਼ਨ ਦਫ਼ਤਰ ਦੇ ਚੱਕਰ ਵੀ ਲਗਾਏ ਪ੍ਰੰਤੂ ਇਸ ਦੇ ਬਾਵਜੂਦ ਜਦੋਂ ਸਾਨੂੰ ਪੈਨਸ਼ਨ ਨਾ ਮਿਲੀ ਤਾਂ ਅਸੀਂ ਬੀਤੇ ਦਿਨੀਂ ਪਿੰਡ ਦੇ ਮੋਹਤਬਰ ਵਿਅਕਤੀ ਕੁਲਦੀਪ ਸਿੰਘ ਨੂੰ ਨਾਲ ਲੈ ਕੇ ਪੈਨਸ਼ਨ ਦਫ਼ਤਰ ਤਰਨਤਾਰਨ ਗਏ। ਜਿੱਥੇ ਸਾਨੂੰ ਅਧਿਕਾਰੀਆਂ ਵੱਲੋਂ ਚੈੱਕ ਕਰਨ ’ਤੇ ਦੱਸਿਆ ਗਿਆ ਕਿ ਇਹ ਪੈਨਸ਼ਨ ਸਰਟੀਫਿਕੇਟ ਜਾਅਲੀ ਹਨ ਅਤੇ ਇਨ੍ਹਾਂ ਦੇ ਨੰਬਰ ਕਿਸੇ ਹੋਰ ਦੇ ਨਾਮ ’ਤੇ ਦਰਜ ਹਨ। ਜਦ ਕਿ ਬਾਅਦ ਵਿਚ ਸਾਨੂੰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਦੇ ਸਾਹਮਣੇ ਪੇਸ਼ ਕਰਕੇ ਸਾਡੇ ਬਿਆਨ ਦਰਜ ਕਰਕੇ ਸਾਨੂੰ ਘਰ ਭੇਜ ਦਿੱਤਾ ਗਿਆ ਅਤੇ ਉਸੇ ਦਿਨ ਜਦ ਅਸੀਂ ਆਪਣੇ ਘਰ ਪਹੁੰਚੇ ਤਾਂ ਥਾਣਾ ਵਲਟੋਹਾ ਤੋਂ ਪੁਲਿਸ ਮੁਲਾਜ਼ਮ ਆਏ ਅਤੇ ਸਾਨੂੰ ਥਾਣੇ ਆਉਣ ਲਈ ਕਿਹਾ। ਇਸ ਤੋਂ ਬਾਅਦ ਅਸੀਂ ਥਾਣੇ ਜਾ ਕੇ ਸਾਰੀ ਗੱਲਬਾਤ ਦੱਸੀ ਅਤੇ ਫਿਰ ਰਾਜਵਿੰਦਰ ਸਿੰਘ ਦੇ ਸੈਂਟਰ ’ਤੇ ਜਾ ਕੇ ਉਸ ਦੀ ਸ਼ਨਾਖਤ ਕੀਤੀ ਕਿ ਇਸ ਵਿਅਕਤੀ ਨੇ ਸਾਨੂੰ ਪੈਨਸ਼ਨ ਸਰਟੀਫਿਕੇਟ ਜਾਰੀ ਕੀਤੇ ਹਨ।
ਠੱਗੀ ਦਾ ਸ਼ਿਕਾਰ ਹੋਏ ਜੋੜੇ ਨੇ ਦੱਸਿਆ ਕਿ ਅਸੀਂ ਗਰੀਬ ਪਰਿਵਾਰ ਨਾਲ ਸਬੰਧਿਤ ਹਾਂ ਅਤੇ ਸਾਨੂੰ ਪੈਨਸ਼ਨ ਦੀ ਸਖਤ ਜ਼ਰੂਰਤ ਹੈ ਪ੍ਰੰਤੂ ਉਕਤ ਵਿਅਕਤੀ ਨੇ ਸਾਨੂੰ ਜਾਅਲੀ ਸਰਟੀਫਿਕੇਟ ਦੇ ਕੇ ਸਾਡੇ ਨਾਲ ਖਿਲਵਾੜ ਕੀਤਾ ਹੈ। ਉਨ੍ਹਾਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਐੱਸ.ਐੱਸ.ਪੀ. ਸਾਹਿਬ ਤੋਂ ਮੰਗ ਕੀਤੀ ਕਿ ਜਾਅਲੀ ਸਰਟੀਫਿਕੇਟ ਬਣਾਉਣ ਵਾਲੇ ਖਿਲਾਫ ਤੁਰੰਤ ਸਖਤ ਕਾਰਵਾਈ ਕੀਤੀ ਜਾਵੇ ਅਤੇ ਸਾਡੀ ਪੈਨਸ਼ਨ ਲਗਵਾਈ ਜਾਵੇ।
ਉਧਰ ਥਾਣਾ ਵਲਟੋਹਾ ਦੀ ਪੁਲਿਸ ਵੱਲੋਂ ਰਾਜਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਦੀ ਦੁਕਾਨ ਦਾ ਸਾਰਾ ਸਮਾਨ ਜ਼ਬਤ ਕਰ ਲਿਆ ਗਿਆ ਹੈ ਪ੍ਰੰਤੂ ਅਜੇ ਤੱਕ ਉਸ ਦੇ ਖਿਲਾਫ ਕੋਈ ਠੋਸ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਗਈ। ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਅਜਿਹੇ ਜਾਅਲੀ ਕਾਗਜ਼ਾਤ ਬਣਾਉਣ ਵਾਲਿਆਂ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਜੋ ਕੋਈ ਹੋਰ ਅਜਿਹੀ ਠੱਗੀ ਦਾ ਸ਼ਿਕਾਰ ਨਾ ਹੋਵੇ। ਉੱਧਰ ਜਦੋਂ ਦੂਜੇ ਪਾਸੇ ਇਸ ਸੰਬੰਧੀ ਥਾਣਾ ਵਲਟੋਹਾ ਦੇ ਐੱਸ.ਐੱਚ.ਓ ਬਲਵਿੰਦਰ ਸਿੰਘ ਪਾਸੋਂ ਜਾਣਕਾਰੀ ਲੈਣੀ ਚਾਹੀ ਤਾਂ ਨਾ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ । ਉੱਥੇ ਹੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਨੌਜਵਾਨ ਜੋ ਸੀ.ਐੱਸ.ਸੀ ਕਾਮਨ ਸਰਵਿਸ ਸੈਂਟਰ ਚਲਾ ਰਿਹਾ ਹੈ ਉਸ ਦਾ ਭਰਾ ਡੀ.ਸੀ ਦਫਤਰ ਵਿਚ ਕੰਮ ਕਰਦਾ ਹੈ ਸਬੰਧੀ ਗੱਲ ਸਾਹਮਣੇ ਆ ਰਹੀ ਹੈ।ਹੁਣ ਦੇਖਣਾ ਹੋਵੇਗਾ ਕਿ ਅਸਲ ਉਤਾੜ ਦੇ ਇਸ ਗ਼ਰੀਬ ਪਰਿਵਾਰ ਨਾਲ ਹੋਈ ਠੱਗੀ ਸਬੰਧੀ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ।