ਹੈਦਰਾਬਾਦ : ਰੂਸ ਵਲੋਂ ਬਣਾਈ ਗਈ ਕੋਵਿਡ-19 ਰੋਕੂ ਟੀਕੇ ‘ਸਪੂਤਨਿਕ-ਵੀ’ ਦੀਆਂ 30 ਲੱਖ ਖ਼ੁਰਾਕਾਂ ਦੀ ਇਕ ਖੇਪ ਅੱਜ ਹੈਦਰਾਬਾਦ ਦੇ ਰਾਜੀਵ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਪੁੱਜੀ। ਹੈਦਰਾਬਾਦ ਏਅਰ ਕਾਰਗੋ ਵਲੋਂ ਜਾਰੀ ਪ੍ਰੈੱਸ ਜਾਣਕਾਰੀ ਮੁਤਾਬਕ ਰੂਸ ਤੋਂ ਵਿਸ਼ੇਸ਼ ਚਾਰਟਰਡ ਜਹਾਜ਼ ਆਰ. ਯੂ-9450 ਜ਼ਰੀਏ ਮੰਗਲਵਾਰ ਨੂੰ ਤੜਕੇ 3 ਵਜੇ 43 ਮਿੰਟ ’ਤੇ ਸਪੂਤਨਿਕ-ਵੀ ਟੀਕੇ ਦੀਆਂ 30 ਲੱਖ ਖ਼ੁਰਾਕਾਂ ਇੱਥੇ ਪਹੁੰਚੀਆਂ।
ਹਾਲਾਂਕਿ ਇਸ ਤੋਂ ਪਹਿਲਾਂ ਵੀ ਟੀਕੇ ਦੀਆਂ ਵੱਡੀਆਂ ਖੇਪਾਂ ਦੇ ਆਯਾਤ ਦਾ ਪ੍ਰਬੰਧਨ ਕੀਤਾ ਜਾ ਚੁੱਕਾ ਹੈ ਪਰ 56.6 ਟਨ ਵਜ਼ਨੀ ਟੀਕੇ ਦੀ ਇਹ ਖੇਪ ਭਾਰਤ ’ਚ ਆਯਾਤ ਹੋਣ ਵਾਲੀ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਹੈ। ਟੀਕੇ ਦੀ ਖੇਪ ਨੂੰ ਜਹਾਜ਼ ਤੋਂ ਉਤਾਰਨ ਦੀ ਪੂਰੀ ਪ੍ਰਕਿਰਿਆ 90 ਮਿੰਟ ਤੋਂ ਘੱਟ ਸਮੇਂ ਤੱਕ ਚਲੀ।
ਜ਼ਿਕਰਯੋਗ ਹੈ ਕਿ ਡਾ. ਰੈੱਡੀ ਲੈਬੋਰਟਰੀ ਦਾ ਰੂਸੀ ਨਿਵੇਸ਼ ਫੰਡ ਨਾਲ ਭਾਰਤ ਵਿਚ ਸਪੂਤਨਿਕ ਵੀ ਟੀਕੇ ਦੀ 12.5 ਕਰੋੜ ਵੇਚਣ ਨੂੰ ਲੈ ਕੇ ਕਰਾਰ ਹੋਇਆ ਹੈ। ਭਾਰਤ ਦੇ ਡਰੱਗ ਕੰਟਰੋਲ ਜਨਰਲ ਵਲੋਂ ਸਪੂਤਨਿਕ-ਵੀ ਟੀਕੇ ਦੇ ਐਮਰਜੈਂਸੀ ਇਸਤੇਮਾਲ ਦੀ ਪਹਿਲਾਂ ਹੀ ਮਨਜ਼ੂਰੀ ਮਿਲ ਚੁੱਕੀ ਹੈ।