ਸਿਡਨੀ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਕਿ ਚੀਨ ਦੀਆਂ ਨਾਪਾਕ ਕੋਸ਼ਿਸ਼ਾਂ ਨੇ ਸਾਫ ਕਰ ਦਿੱਤਾ ਹੈ ਕਿ ਚੀਨ ਵਿਚ ਮਨੁੱਖੀ ਅਧਿਕਾਰ ਉਲੰਘਣਾ ਦੇ ਮੁੱਦੇ ’ਤੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਇਕਜੁੱਟ ਹਨ। ਦੋਹਾਂ ਦੇਸ਼ਾਂ ਵਿਚਾਲੇ ਹੋਈ ਸਲਾਨਾ ਗੱਲਬਾਤ ਵਿਚ ਸਭ ਤੋਂ ਅਹਿਮ ਮੁੱਦਾ ਇਹੀ ਰਿਹਾ ਹੈ।
ਉਨ੍ਹਾਂ ਹੋਰ ਕਿਹਾ ਕਿ ਆਪਣੀਆਂ ਵਿਸਥਾਰਵਾਦੀ ਨੀਤੀਆਂ ਕਾਰਨ ਚੀਨ ਦੁਨੀਆ ਭਰ ਦੇਸ਼ਾਂ ਲਈ ਮੁਸੀਬਤ ਬਣਿਆ ਹੋਇਆ ਹੈ। ਆਪਣੇ ਖੇਮੇ ਵਿਚ ਦੇਸ਼ਾਂ ਦੀ ਗਿਣਤੀ ਵਧਾਉਣ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਵਿਚ ਜੁਟਿਆ ਚੀਨ ਹੁਣ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚ ਦਰਾੜ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਪੱਤਰਕਾਰ ਵਾਰਤਾ ਦੌਰਾਨ ਮੌਰੀਸਨ ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਚੀਨ ਉਹਨਾਂ ਵਿਚਾਲੇ ਮਤਭੇਦ ਪੈਦਾ ਕਰਨ ਦੀ ਕੋਸ਼ਿਸ਼ ਵਿਚ ਜੁਟਿਆ ਹੋਇਆ ਹੈ। ਮੌਰੀਸਨ ਨੇ ਕਿਹਾ ਕਿ ਚੀਨ ਆਪਣੇ ਇਸ ਇਰਾਦੇ ਵਿਚ ਕਦੇ ਸਫਲ ਨਹੀਂ ਹੋਵੇਗਾ। ਦੋਹਾਂ ਦੇਸ਼ਾਂ ਨੇ ਕੋਵਿਡ ਮਹਾਮਾਰੀ ਦੀ ਉਤਪੱਤੀ ਦੀ ਜਾਂਚ ਲਈ ਚੀਨ ’ਤੇ ਦਬਾਅ ਵਧਾਉਣ ਦਾ ਸਮਰਥਨ ਕੀਤਾ ਹੈ। ਉਹਨਾਂ ਨੇ ਕਿਹਾ ਕਿ ਦੋਵੇਂ ਦੇਸ਼ ਇਸ ਲਈ ਵਿਸ਼ਵ ਸਿਹਤ ਸੰਗਠਨ ’ਤੇ ਦਬਾਅ ਪਾਉਂਦੇ ਰਹਿਣਗੇ। ਆਪਣੇ ਬਿਆਨ ਵਿਚ ਮੌਰੀਸਨ ਨੇ ਕਿਹਾ ਕਿ ਇਹ ਜ਼ਰੂਰੀ ਹੈ ਕਿ ਇਸ ਦੀ ਜੜ ਵਿਚ ਪਹੁੰਚਿਆ ਜਾਵੇ ਅਤੇ ਇਸ ਦਾ ਪੂਰਾ ਪਤਾ ਲਗਾਇਆ ਜਾਵੇ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦੇ ਨੇਤਾਵਾਂ ਦੀ ਮੁਲਾਕਾਤ ਕਰੀਬ 15 ਮਹੀਨੇ ਦੇ ਅੰਤਰਾਲ ’ਤੇ ਹੋਈ ਹੈ। ਦੋਹਾਂ ਦੇਸ਼ਾਂ ਲਈ ਚੀਨ ਇਕ ਵੱਡਾ ਵਪਾਰਕ ਹਿੱਸੇਦਾਰ ਹੈ।