ਕੈਨਬਰਾ : ਆਸਟ੍ਰੇਲੀਆ ਦੀ ਅਦਾਲਤ ਨੇ ਉਸ ਪਟੀਸ਼ਨ ਨੂੰ ਖਾਰਜ ਕਰ ਦਿਤਾ ਹੈ ਜਿਸ ਵਿਚ ਕਿਹਾ ਗਿਆ ਸੀ ਕਿ ਅੰਤਰਰਾਸ਼ਟਰੀ ਹਵਾਈ ਉਡਾਨਾਂ ਉਤੋਂ ਪਾਬੰਦੀ ਹਟਾਈ ਜਾਵੇ। ਦੇਸ਼ ਵਿਚ ਇਹ ਪਾਬੰਦੀ ਇਸ ਖਦਸ਼ੇ ਨਾਲ ਲਗਾਈ ਗਈ ਸੀ ਕਿ ਜਦੋਂ ਨਾਗਰਿਕ ਬਾਹਰ ਜਾਣਗੇ ਤਾਂ ਉਹਨਾਂ ਦੇ ਮਾਧਿਅਮ ਨਾਲ ਕੋਰੋਨਾ ਇਨਫੈਕਸ਼ਨ ਦੇਸ਼ ਵਿਚ ਆ ਸਕਦਾ ਹੈ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਵਿਕਸਿਤ ਲੋਕਤੰਤਰਾਂ ਵਿਚ ਇਕਲੌਤਾ ਅਜਿਹਾ ਦੇਸ਼ ਹੈ ਜਿਸ ਨੇ ਆਪਣੇ ਨਾਗਰਿਕਾਂ ਅਤੇ ਸਥਾਈ ਵਸਨੀਕਾਂ ਦੇ ਦੇਸ਼ ਤੋਂ ਬਾਹਰ ਜਾਣ 'ਤੇ ਰੋਕ ਲਗਾਈ ਹੈ। ਇੱਥੋਂ ਦੇ ਲੋਕ ਬਹੁਤ ਅਪਵਾਦ ਜਿਹੇ ਹਾਲਾਤ ਵਿਚ ਹੀ ਬਾਹਰ ਜਾ ਸਕਦੇ ਹਨ ਅਤੇ ਇਸ ਲਈ ਵੀ ਉਹਨਾਂ ਨੁੰ ਠੋਸ ਕਾਰਨ ਦੱਸਣਾ ਹੋਵੇਗਾ।
ਸ਼ਕਤੀਸ਼ਾਲੀ ਬਾਇਓਸਿਕਓਰਿਟੀ ਕਾਨੂੰਨ ਦੇ ਤਹਿਤ ਸਰਕਾਰ ਵੱਲੋਂ ਐਮਰਜੈਂਸੀ ਆਦੇਸ਼ ਜਾਰੀ ਕਰਨ ਨਾਲ ਜਿਆਦਾਤਰ ਆਸਟ੍ਰੇਲੀਆਈ ਮਾਰਚ 2020 ਤੋਂ ਦੇਸ਼ ਤੋਂ ਬਾਹਰ ਨਹੀਂ ਜਾ ਪਾਏ ਹਨ। ਨਾਗਰਿਕ ਸੁਤੰਤਰਤਾ ਦੇ ਪੈਰੋਕਾਰ ਸਮੂਹ 'ਲਿਬਰਟੀ ਵਰਕਸ' ਨੇ ਸੰਘੀ ਅਦਾਲਤ ਵਿਚ ਮਈ ਮਹੀਨੇ ਦੀ ਸ਼ੁਰੂਆਤ ਵਿਚ ਕਿਹਾ ਸੀ ਕਿ ਸਿਹਤ ਮੰਤਰੀ ਗ੍ਰੇਗ ਹੰਟ ਕੋਲ ਅਜਿਹੀ ਸ਼ਕਤੀ ਨਹੀਂ ਹੈ ਜਿਸ ਨਾਲ ਉਹ ਯਾਤਰਾ ਪਾਬੰਦੀ ਨੂੰ ਕਾਨੂੰਨ ਤੌਰ 'ਤੇ ਲਾਗੂ ਕਰ ਸਕਣ ਅਤੇ ਇਸ ਪਾਬੰਦੀ ਕਾਰਨ ਆਸਟ੍ਰੇਲੀਆ ਦੇ ਹਜ਼ਾਰਾਂ ਨਾਗਰਿਕ ਵਿਆਹਾਂ ਜਾਂ ਆਪਣੇ ਪਿਆਰਿਆਂ ਦੇ ਦੁੱਖ ਵਿਚ ਸ਼ਾਮਲ ਨਹੀਂ ਹੋ ਪਾਏ, ਆਪਣੇ ਬੀਮਾਰ ਰਿਸ਼ਤੇਦਾਰਾਂ ਦੀ ਦੇਖਭਾਲ ਕਰਨ ਨਹੀਂ ਜਾ ਸਕੇ ਅਤੇ ਨਵਜੰਮੇ ਬੱਚਿਆਂ ਨੂੰ ਦੇਖਣ ਨਹੀਂ ਜਾ ਪਾਏ।