ਬੀਤੇ ਦਿਨੀ 215 ਬੱਚਿਆਂ ਦੇ ਮਿਲੇ ਸਨ ਪਿੰਜਰ
ਔਟਵਾ : ਕੈਨੇਡਾ ’ਚ ਇੱਕ ਸਕੂਲ ਵਿੱਚੋਂ 215 ਬੱਚਿਆਂ ਦੇ ਪਿੰਜਰ ਮਿਲਣ ਦੀ ਘਟਨਾ ਨੇ ਸਾਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਅੱਜ ਉਨ੍ਹਾਂ ਮਾਸੂਮ ਬੱਚਿਆਂ ਦੀ ਯਾਦ ਵਿੱਚ ਕੈਨੇਡਾ ਦਾ ਕੌਮੀ ਝੰਡਾ ਅੱਧਾ ਝੁਕਾ ਕੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਤੋਂ ਇਲਾਵਾ ਉਨਟਾਰੀਓ, ਮੌਂਟਰੀਅਲ, ਐਡਮੰਟਨ, ਬ੍ਰਿਟਿਸ਼ ਕੋਲੰਬੀਆ ਅਤੇ ਮੈਨੀਟੋਬਾ ਸਣੇ ਲਗਭਗ ਦੇਸ਼ ਦੇ ਸਾਰੇ ਸੂਬਿਆਂ ਦੀ ਵਿਧਾਨ ਸਭਾ ਵਿੱਚ ਝੰਡਾ ਝੁਕਾਇਆ ਗਿਆ।
ਕੈਨੇਡਾ ਦੇ ਵਿਰਾਸਤੀ ਵਿਭਾਗ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਦੇਸ਼ ਭਰ ਵਿੱਚ ਸਥਿਤ ਸਾਰੀਆਂ ਫੈਡਰਲ ਇਮਾਰਤਾਂ ਅਤੇ ਸੰਸਥਾਵਾਂ ਵਿੱਚ ਲੱਗੇ ਝੰਡੇ ਅਗਲੇ ਨੋਟਿਸ ਤੱਕ ਅੱਧੇ ਝੁਕੇ ਰਹਿਣਗੇ ਤਾਂ ਜੋ ਉਨ੍ਹਾਂ ਵਿਦਿਆਰਥੀਆਂ ਨੂੰ ਸ਼ਰਧਾਂਜਲੀ ਦਿੱਤੀ ਜਾ ਸਕੇ, ਜਿਹੜੇ ਪੜ੍ਹਨ ਲਈ ਸਕੂਲ ਗਏ ਸਨ, ਪਰ ਮੁੜ ਕੇ ਆਪਣੇ ਮਾਪਿਆਂ ਕੋਲ ਨਹੀਂ ਪਰਤੇ।
ਬ੍ਰਿਟਿਸ਼ ਕੋਲੰਬੀਆ ਦੇ ਕੈਮਲੂਪਸ ਸ਼ਹਿਰ ਨੇੜੇ ਬਰਾਮਦ ਹੋਏ ਇਹ ਪਿੰਜਰ ਉਨ੍ਹ੍ਹਾਂ ਵਿਦਿਆਰਥੀਆਂ ਦੇ ਹਨ, ਜੋ ਕੈਨੇਡਾ ਦੇ ਮੂਲ ਬਾਸ਼ਿੰਦਿਆਂ ਦੇ ਬੱਚਿਆਂ ਲਈ ਬਣਾਏ ਰਿਹਾਇਸ਼ੀ ਸਕੂਲ ਵਿਚ ਪੜ੍ਹ੍ਹਦੇ ਸਨ।
ਦੱਸ ਦੇਈਏ ਕਿ ਸਥਾਨਕ ਕਬੀਲੇ ਨੂੰ ਧਰਤੀ ਹੇਠਲੀਆਂ ਚੀਜ਼ਾਂ ਦੀ ਟੋਹ ਲੈਣ ਵਾਲੇ ਰਾਡਾਰ ਦੀ ਮਦਦ ਨਾਲ ਇਨ੍ਹਾਂ 215 ਬੱਚਿਆਂ ਦੇ ਪਿੰਜਰ ਬਾਰੇ ਪਤਾ ਲੱਗਿਆ। ਮੂਲ ਬਾਸ਼ਿੰਦਿਆਂ ਵੱਲੋਂ ਜਾਰੀ ਕੀਤੇ ਗਏ ਬਿਆਨ ਮੁਤਾਬਕ ਮਾਰੇ ਗਏ ਬੱਚਿਆਂ ’ਚੋਂ ਕੁਝ ਦੀ ਉਮਰ ਤਿੰਨ ਸਾਲ ਤੋਂ ਵੀ ਘੱਟ ਹੈ। ਇਨ੍ਹਾਂ ਮੌਤਾਂ ਦਾ ਰਿਕਾਰਡ ਕਿਸੇ ਵੀ ਸਰਕਾਰੀ ਦਸਤਾਵੇਜ਼ ਵਿਚ ਦਰਜ ਨਹੀਂ।