ਸੀਤਾਪੁਰ : ਉੱਤਰ ਪ੍ਰਦੇਸ਼ ਦੇ ਸੀਤਾਪੁਰ ਜ਼ਿਲ੍ਹੇ 'ਚ ਉਸ ਸਮੇਂ ਵਿਆਹ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲ ਗਈਆਂ, ਜਦੋਂ ਕਰੰਟ ਲੱਗਣ ਨਾਲ 7 ਲੋਕਾਂ ਦੀ ਮੌਤ ਹੋ ਗਈ ਅਤੇ 4 ਹੋਰ ਬੁਰੀ ਤਰ੍ਹਾਂ ਝੁਲਸ ਗਏ। ਪੁਲਸ ਸੂਤਰਾਂ ਨੇ ਦੱਸਿਆ ਕਿ ਘਟਨਾ ਸੀਤਾਪੁਰ ਜ਼ਿਲ੍ਹੇ ਦੇ ਕਮਲਾਪੁਰ ਥਾਣਾ ਖੇਤਰ ਦੇ ਹਨੂੰਮਾਨਪੁਰ ਪਿੰਡ 'ਚ ਸ਼ੁੱਕਰਵਾਰ ਦੇਰ ਰਾਤ ਇਕ ਵਿਆਹਿਕ ਸਮਾਰੋਹ ਦੌਰਾਨ ਵਾਪਰੀ। ਸੀਤਾਪੁਰ ਦੇ ਜ਼ਿਲ੍ਹਾ ਅਧਿਕਾਰੀ ਵਿਸ਼ਾਲ ਭਾਰਦਵਾਜ ਨੇ ਦੱਸਿਆ ਕਿ ਇਕ ਵਿਆਹ ਦੇ ਪੰਡਾਲ 'ਚ ਲੋਕ ਖਾਣਾ ਖਾ ਰਹੇ ਸਨ ਕਿ ਅਚਾਨਕ ਹਨ੍ਹੇਰੀ ਆਉਣ ਨਾਲ ਪੰਡਾਲ ਉਖੜ ਕੇ ਉੱਪਰ ਬਿਜਲੀ ਦੀ ਤਾਰ ਨਾਲ ਅਟਕ ਗਿਆ।
ਉਨ੍ਹਾਂ ਦੱਸਿਆ ਕਿ ਕੁਝ ਲੋਕਾਂ ਨੇ ਪੰਡਾਲ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਕਰੰਟ ਦਾ ਤੇਜ਼ ਝਟਕਾ ਲੱਗਾ। ਇਸ ਘਟਨਾ 'ਚ 8 ਲੋਕ ਗੰਭੀਰ ਰੂਪ ਨਾਲ ਝਲਸ ਗਏ ਅਤੇ ਉਨ੍ਹਾਂ ਨੂੰ ਸੀਤਾਪੁਰ ਦੇ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ 4 ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ 2 ਵਿਅਕਤੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਜਾਣਗੀਆਂ।