ਲੰਡਨ (ਏਜੰਸੀਆਂ) : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਗਲੇ ਸਾਲ ਗਰਮੀਆਂ ਦੇ ਮੌਸਮ ਵਿਚ ਆਪਣੀ ਮੰਗੇਤਰ ਕੈਰੀ ਸਾਇਮੰਡਸ ਨਾਲ ਵਿਆਹ ਰਚਾਉਣਗੇ। ’ਦੀ ਸਨ’ ਦੀ ਰਿਪੋਰਟ ਦੇ ਮੁਤਾਬਕ ਜਾਨਸਨ ਅਤੇ ਸਾਇਮੰਡਸ 30 ਜੁਲਾਈ, 2022 ਨੂੰ ਵਿਆਹ ਕਰਨਗੇ। ਰਿਪੋਰਟ ਮੁਤਾਬਕ ਦੋਹਾਂ ਨੇ ਆਪਣੀ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਵਿਆਹ ਦਾ ਸੱਦਾ ਭੇਜ ਦਿੱਤਾ ਹੈ। ਭਾਵੇਂਕਿ ਹਾਲੇ ਵਿਆਹ ਵਾਲੀ ਜਗ੍ਹਾ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।
ਫ਼ਰਵਰੀ 2020 ਵਿਚ ਜਾਨਸਨ ਅਤੇ ਉਹਨਾਂ ਦੀ ਪ੍ਰੇਮਿਕਾ ਕੈਰੀ ਸਾਇਮੰਡਸ ਨੇ ਕੁੜਮਾਈ ਕੀਤੀ ਸੀ। ਦੋਹਾਂ ਨੇ ਕਿਹਾ ਸੀ ਕਿ ਉਹ ਜਲਦ ਹੀ ਵਿਆਹ ਕਰਨਗੇ। ਬੋਰਿਸ ਜਾਨਸਨ ਦੀ ਉਮਰ 56 ਸਾਲ ਹੈ ਜਦਕਿ ਉਹਨਾਂ ਦੀ ਮੰਗੇਤਰ ਦੀ ਉਮਰ 33 ਸਾਲ ਹੈ। 2019 ਵਿਚ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਤੋਂ ਜਾਨਸਨ ਅਤੇ ਸਾਇਮੰਡਸ ਡਾਊਨਿੰਗ ਸਟ੍ਰੀਟ ਵਿਚ ਇਕੱਠੇ ਰਹਿ ਰਹੇ ਹਨ। ਦੋਹਾਂ ਦਾ ਇਕ ਬੇਟਾ ਵੀ ਹੈ, ਜਿਸ ਦਾ ਨਾਮ ਬਿਲਫ੍ਰੇਡ ਲੌਰੀ ਨਿਕੋਲਸ ਜਾਨਸਨ ਹੈ। ਪਿਛਲੇ ਸਾਲ ਹੀ ਸਾਇਮੰਡਸ ਨੇ ਬਿਲਫ੍ਰੇਡ ਨੂੰ ਜਨਮ ਦਿੱਤਾ ਸੀ।
ਜਾਨਸਨ ਆਪਣੀ ਸ਼ਖਸੀਅਤ ਲਈ ਜਾਣੇ ਜਾਂਦੇ ਹਨ। ਜਾਨਸਨ ਦਾ ਪਹਿਲਾ ਵਿਆਹ ਮਾਰਿਨਾ ਵ੍ਹੀਲਰ ਨਾਲ ਹੋਇਆ ਸੀ ਅਤੇ ਦੋਹਾਂ ਦੇ ਚਾਰ ਬੱਚੇ ਹਨ। ਇਹਨਾਂ ਦੇ ਨਾਮ ਲਾਰਾ ਲੇਟਿਸ, ਮਿਲੋ ਆਰਥਰ, ਕੈਸਿਯਾ ਪੀਚੇਸ ਅਤੇ ਥਿਓਡੋਰ ਅਪੋਲੋ ਹਨ। ਵਿਆਹ ਦੇ 25 ਸਾਲ ਬਾਅਦ ਸਤੰਬਰ 2018 ਵਿਚ ਜਾਨਸਨ ਅਤੇ ਮਾਰਿਨਾ ਨੇ ਤਲਾਕ ਦੀ ਘੋਸ਼ਣਾ ਕੀਤੀ। ਕਿਹਾ ਜਾਂਦਾ ਹੈ ਕਿ ਬੋਰਿਸ ਜਾਨਸਨ ਦਾ 5ਵਾਂ ਬੱਚਾ ਵੀ ਹੈ ਜਿਸ ਦਾ ਨਾਮ ਸਟੇਫਨੀ ਮੈਕਇਨਟ੍ਰੇ ਹੈ। ਸਟੇਫਨੀ ਦੀ ਮਾਂ ਬੋਰਿਸ ਜਾਨਸਨ ਦੀ ਸਲਾਹਕਾਰ ਸੀ।
ਮਾਰਿਨਾ ਤੋਂ ਤਲਾਕ ਦੇ ਬਾਅਦ ਜਾਨਸਨ ਨੇ ਏਲੇਗਰਾ ਮੋਸਟਿਨ ਓਵੇਨ ਨਾਲ ਦੂਜਾ ਵਿਆਹ ਕੀਤਾ ਸੀ। ਜਾਨਸਨ ਦੇ ਪੱਤਰਕਾਰ ਪੇਟ੍ਰੋਨੇਲਾ ਵਾਇਟ ਅਤੇ ਏਨਾ ਫਜੈਕੇਰਲੇ ਨਾਲ ਵੀ ਅਫੇਅਰ ਦੀਆਂ ਖ਼ਬਰਾਂ ਉੱਡ ਚੁੱਕੀਆਂ ਹਨ। ਸਤੰਬਰ 2018 ਵਿਚ ਸਾਬਕਾ ਟੋਰੀ ਕਮਿਊਨੀਕੇਸ਼ਨ ਪ੍ਰਮੁੱਖ ਕੇਰੀ ਸਾਇਮੰਡਸ ਨਾਲ ਉਹਨਾਂ ਦੇ ਸੰਬੰਧਾਂ ਦੀਆਂ ਖ਼ਬਰਾਂ ਸਾਹਮਣੇ ਆਈਆਂ ਅਤੇ ਬਾਅਦ ਵਿਚ ਉਹ ਨਾਲ ਰਹਿਣ ਲੱਗੇ ਸਨ। ਕੇਰੀ ਸਾਇਮੰਡਸ ਪ੍ਰਧਾਨ ਮੰਤਰੀ ਜਾਨਸਨ ਦੀ ਤੀਜੀ ਪਤਨੀ ਹੋਵੇਗੀ।