ਨਵੀਂ ਦਿੱਲੀ : ਗਣਤੰਤਰ ਦਿਵਸ ਮੌਕੇ ਕਿਸਾਨ ਟਰੈਕਟਰ ਰੈਲੀ ਦੌਰਾਨ ਲਾਲ ਕਿਲੇ ’ਤੇ ਹੋਈ ਹਿੰਸਾ ਦੇ ਮਾਮਲੇ ’ਚ ਦਿੱਲੀ ਪੁਲਿਸ ਨੂੰ ਲੋੜੀਂਦੇ ਲੱਖਾ ਸਿਧਾਣਾ ਨੂੰ ਭਗੌੜਾ ਕਰਾਰ ਦੇ ਦਿੱਤਾ ਹੈ। ਪੁਲਸ ਨੇ ਲੱਖਾ ਸਿਧਾਣਾ ਅਤੇ ਛੇ ਹੋਰ ਵਿਅਕਤੀਆਂ ਨੂੰ ਫਰਾਰ ਕਰਾਰ ਦਿੱਤਾ ਹੈ। ਪੁਲਸ ਨੇ ਦੱਸਿਆ ਕਿ ਉਹ ਗ੍ਰਿਫ਼ਤਾਰੀ ਤੋਂ ਬਚ ਰਹੇ ਹਨ। ਲਾਲ ਕਿਲਾ ਹਿੰਸਾ ਲਈ ਦਿਲੀ ਪੁਲਿਸ ਨੇ ਕੁੱਲ 44 ਐੱਫ. ਆਈ. ਆਰਜ਼ ਦਰਜ ਕੀਤੀਆਂ ਹਨ ਅਤੇ ਸੰਯੁਕਤ ਕਿਸਾਨ ਮੋਰਚੇ ਵਲੋਂ 151 ਲੋਕਾਂ ਦੀਆਂ ਜ਼ਮਾਨਤਾਂ ਕਰਵਾਈਆਂ ਜਾ ਚੁੱਕੀਆਂ ਹਨ। ਵਕੀਲ ਪ੍ਰੇਮ ਸਿੰਘ ਭੰਗੂ ਮੁਤਾਬਕ ਕਈ ਮੁਕੱਦਮਿਆਂ ਵਿਚ ਕੋਈ ਵੀ ਨਾਂ ਦਰਜ ਨਹੀਂ ਹੈ।
ਇਥੇ ਇਹ ਵੀ ਦੱਸਣਯੋਗ ਹੈ ਕਿ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਬੀਤੇ ਦਿਨੀਂ ਤੀਸ ਹਜ਼ਾਰੀ ਅਦਾਲਤ ਵਿਚ ਡਿਊਟੀ ਮੈਜਿਸਟਰੇਟ ਸਾਹਿਲ ਮੋਂਗਾ ਅੱਗੇ 3000 ਸਫ਼ਿਆਂ ਦੀ ਚਾਰਜਸ਼ੀਟ ਦਾਖ਼ਲ ਕੀਤੀ ਸੀ। ਚਾਰਜਸ਼ੀਟ ਵਿਚ ਅਦਾਕਾਰ ਦੀਪ ਸਿੱਧੂ ਅਤੇ ਹੋਰਾਂ ਦੇ ਨਾਮ ਸ਼ਾਮਲ ਕੀਤੇ ਹਨ। ਮੁਲਜ਼ਮਾਂ ਵਲੋਂ ਦਿੱਤੇ ਗਏ ਬਿਆਨਾਂ ਵਿਚ ਹਿੰਸਾ ਨਾਲ ਜੁੜੇ ਸਬੂਤਾਂ ਨੂੰ ਚਾਰਜਸ਼ੀਟ ਦਾ ਆਧਾਰ ਬਣਾਇਆ ਗਿਆ ਹੈ।