ਬਰੈਂਪਟਨ : ਕੈਨੇਡਾ ਦੇ ਪੀਲ ਰੀਜਨ ਵਿਚ 12 ਸਾਲ ਦੇ ਬੱਚਿਆਂ ਵਾਸਤੇ ਵੈਕਸੀਨ ਬੁਕਿੰਗ ਸ਼ੁਰੂ ਕਰ ਦਿਤੀ ਗਈ ਹੈ। ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਕਿਹਾ ਕਿ ਇਲਾਕੇ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਹੋਣ ਇਹ ਫ਼ੈਸਲਾ ਲਿਆ ਗਿਆ ਹੈ। ਪੀਲ ਰੀਜਨ, ਉਨਟਾਰੀਓ ਦਾ ਪਹਿਲਾ ਪਬਲਿਕ ਹੈਲਥ ਯੂਨਿਟ ਹੈ, ਜਿਥੇ 12 ਸਾਲ ਦੇ ਬੱਚਿਆਂ ਨੂੰ ਫ਼ਾਈਜ਼ਰ ਦੇ ਟੀਕੇ ਲਾਉਣ ਲਈ ਅਪੁਆਇੰਟਮੈਂਟਸ ਬੁਕ ਕੀਤੀਆਂ ਜਾ ਰਹੀਆਂ ਹਨ। ਪੈਟ੍ਰਿਕ ਬ੍ਰਾਊਨ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਟੀਚਾ ਵੱਧ ਤੋਂ ਵੱਧ ਆਬਾਦੀ ਨੂੰ ਵੈਕਸੀਨੇਟ ਕਰਨਾ ਹੈ ਅਤੇ 12 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬੱਚਿਆਂ ਦੀ ਸ਼ਮੂਲੀਅਤ ਨਾਲ ਸੁਰੱਖਿਆ ਘੇਰਾ ਹੋਰ ਮਜ਼ਬੂਤ ਹੋ ਜਾਵੇਗਾ। ਇਥੇ ਦਸਣਾ ਬਣਦਾ ਹੈ ਕਿ ਪਿਛਲੇ ਮਹੀਨੇ 13 ਸਾਲ ਦੀ ਇਕ ਬੱਚੀ ਦੀ ਕੋਰੋਨਾ ਕਾਰਨ ਮੌਤ ਨੇ ਸਿਹਤ ਮਾਹਿਰਾਂ ਦੀਆਂ ਚਿੰਤਾਵਾਂ ਵਧਾ ਦਿਤੀਆਂ ਸਨ।