ਨਵੀਂ ਦਿੱਲੀ, 5 ਅਪ੍ਰੈਲ: ਡੀ.ਟੀ.ਐੱਚ. ਸੇਵਾ ਦੇਣ ਵਾਲੀ ਕੰਪਨੀ ਟਾਟਾ ਸਕਾਈ ਨੇ ਸ਼ੁਕਰਵਾਰ ਨੂੰ ਪਾਸਾ ਵੱਟਦੇ ਹੋਏ ਕਿਹਾ ਕਿ ਨਮੋ ਟੀ.ਵੀ ਇਕ ਵਿਸ਼ੇਸ਼ ਸੇਵਾ ਚੈਨਲ ਹੈ ਜਿਸਦੀ ਸਮੱਗਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਦਿੰਦੀ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਟਵੀਟਰ 'ਤੇ ਕਿਹਾ ਸੀ ਕਿ ਨਮੋ ਟੀ.ਵੀ ਇਕ ਹਿੰਦੀ ਸਮਾਚਾਰ ਚੈਨਲ ਹੈ ਜਿਹੜਾ ਰਾਸ਼ਟਰੀ ਰਾਜਨੀਤੀ ਦੀ ਤਾਜਾ ਖ਼ਬਰਾਂ ਪ੍ਰਸਾਰਤ ਕਰਦਾ ਹੈ। ਹਾਲਾਂਕਿ ਆਮ ਚੋਣਾਂ ਦੇ ਮਹੌਲ ਵਿਚ ਨਮੋ ਟੀ.ਵੀ ਚੈਨਲ ਦਾ ਪ੍ਰਸਾਰਣ ਚੋਣ ਜਾਬਤੇ ਦਾ ਉਲੰਘਨ ਹੋਣ ਨੂੰ ਲੈ ਕੇ ਵਿਵਾਦ ਵੱਧਣ 'ਤੇ ਕੰਪਨੀ ਨੇ ਟਵੀਟ ਹਟਾ ਦਿਤਾ।
ਟਾਟਾ ਸਕਾਈ ਨੇ ਇਸਦੇ ਬਾਅਦ ਵਿਆਨ ਜਾਰੀ ਕਰ ਕੇ ਕਿਹਾ, '' ਨਮੋ ਟੀ.ਵੀ ਇਕ ਵਿਸ਼ੇਸ਼ ਸੇਵਾ ਚੈਨਲ ਹੈ ਜਿਹੜਾ ਸਾਰੇ ਸਬਸਕ੍ਰਾਇਬਰਾਂ ਲਈ ਉਪਲਬਧ ਹੈ। ਇਸ ਸੇਵਾ ਦੀ ਸਮੱਗਰੀਆਂ ਭਾਜਪਾ ਵਲੋਂ ਦਿਤੀ ਜਾਂਦੀ ਹੈ। ''
ਕੰਪਨੀ ਨੇ ਪਹਿਲੇ ਇਹ ਵੀ ਕਿਹਾ ਸੀ ਕਿ ਸ਼ੁਰੂਆਤ ਦੀ ਪੇਸ਼ਕਸ਼ ਤਹਿਤ ਇਹ ਚੈਨਲ ਸਾਰੇ ਸਬਸਕ੍ਰਾਇਬਰਾਂ ਲਈ ਉਪਲਬਧ ਹੈ। ਉਸਨੇ ਇਕ ਹੋਰ ਟਵੀਟ 'ਚ ਕਿਹਾ ਸੀ, ''ਕਿਸੇ ਖ਼ਾਸ ਚੈਨਲ ਨੂੰ ਹਟਾਉਣ ਦਾ ਕੋਈ ਬਦਲ ਉਪਲਬਧ ਨਹੀਂ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪਣੇ ਟਵੀਟਰ ਚੈਨਲ ਰਾਹੀਂ 31 ਮਾਰਚ ਨੂੰ ਨਮੋ ਟੀ.ਵੀ ਪੇਸ਼ ਕੀਤਾ ਸੀ। ਇਸ ਨਾਲ ਲੋਗੋ ਵਿਚ ਮੋਦੀ ਦੀ ਫ਼ੋਟੋ ਲੱਗੀ ਹੋਈ ਹੈ ਅਤੇ ਜਿਸ ਰਾਹੀਂ ਮੋਦੀ ਦੇ ਭਾਸ਼ਨ ਅਤੇ ਰੇਲੀਆਂ ਦਾ ਪ੍ਰਸਾਰਣ ਕੀਤਾ ਜਾਂਦਾ ਹੈ।