ਬੀਜਿੰਗ : ਦੁਨੀਆ ਦੀ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਚੀਨ ਵਿਚ ਲਾੜੀਆਂ ਦਾ ਅਕਾਲ ਪੈ ਗਿਆ ਹੈ। ਚੀਨ ਵਿਚ ਹਾਲ ਹੀ ’ਚ ਹੋਈ ਮਰਦਮਸ਼ੁਮਾਰੀ ਤੋਂ ਪਤਾ ਚੱਲਿਆ ਹੈ ਕਿ ਦੇਸ਼ ਵਿਚ ਲਗਪਗ ਤਿੰਨ ਕਰੋੜ ਲੋਕ ਕੁਆਰੇ ਹਨ। ਇਹ ਗਿਣਤੀ ਕਈ ਦੇਸ਼ਾਂ ਦੀ ਕੁੱਲ ਆਬਾਦੀ ਨਾਲੋਂ ਵੀ ਜ਼ਿਆਦਾ ਹੈ। ਦੱਖਣੀ ਚੀਨ ਮੌਰਨਿੰਗ ਪੋਸਟ ਨੇ ਖ਼ਬਰ ਦਿੱਤੀ ਹੈ ਕਿ ਚੀਨ ਵਿਚ ਲੰਬੇ ਸਮੇਂ ਤੋਂ ਮੁੰਡਿਆਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਹਾਲੀਆ ਮਰਦਮਸ਼ੁਮਾਰੀ ਮੁਤਾਬਿਕ, ਕੁੜੀਆਂ ਦੇ ਜਨਮ ਵਿਚ ਮਾਮੂਲੀ ਵਾਧਾ ਜ਼ਰੂਰ ਹੋਇਆ ਹੈ, ਇਸ ਦੇ ਬਾਵਜੂਦ ਲਿੰਗ ਅਨੁਪਾਤ ਵਿਚਕਾਰ ਅੰਤਰ ਦਾ ਫਿਲਹਾਲ ਹੱਲ ਨਿਕਲਣ ਦੀ ਉਮੀਦ ਨਹੀਂ। ਨੈਸ਼ਨਲ ਬਿਊਰੋ ਆਫ ਸਟੈਟਿਸਟਿਕਸ ਵੱਲੋਂ ਜਾਰੀ ਸੱਤਵੀਂ ਮਰਦਮਸ਼ੁਮਾਰੀ ਰਿਪੋਰਟ ਅਨੁਸਾਰ, ਪਿਛਲੇ ਸਾਲ ਚੀਨ ਵਿਚ 1.2 ਕਰੋੜ ਬੱਚਿਆਂ ਦਾ ਜਨਮ ਹੋਇਆ। ਇਨ੍ਹਾਂ ਵਿਚੋਂ ਹਰ 100 ਲੜਕੀਆਂ ਪਿੱਛੇ ਲੜਕਿਆਂ ਦੀ ਗਿਣਤੀ 11.3 ਹੈ। ਸਾਲ 2010 ਵਿਚ ਇਹ ਅਨੁਪਾਤ 100 ਲੜਕੀਆਂ ’ਤੇ 118.1 ਲੜਕੇ ਸੀ। ਇਸ ਤਰ੍ਹਾਂ ਲਿੰਗ ਅਨੁਪਾਤ ’ਚ ਮਾਮੂਲੀ ਸੁਧਾਰ ਤਾਂ ਹੋਇਆ ਪਰ ਫਰਕ ਹਾਲੇ ਵੀ ਬਹੁਤ ਜ਼ਿਆਦਾ ਹੈ। ਇਸ ਬਾਰੇ ਪ੍ਰੋਫੈਸਰ ਸਟੁਅਰਟ ਜਿਨਟੇਨ ਬੈਸਟਨ ਕਹਿੰਦੇ ਹਨ ਕਿ ਚੀਨ ਵਿਚ ਆਮ ਤੌਰ ’ਤੇ ਲੋਕ ਆਪਣੇ ਨਾਲੋਂ ਬਹੁਤ ਘੱਟ ਉਮਰ ਦੀਆਂ ਕੁੜੀਆਂ ਨਾਲ ਵਿਆਹ ਕਰਦੇ ਹਨ। ਪਰ ਜਿਸ ਤਰ੍ਹਾਂ ਲੋਕਾਂ ਦੀ ਉਮਰ ਵਧ ਰਹੀ ਹੈ ਤੇ ਉਮਰਦਰਾਜ ਲੋਕ ਮੌਜੂਦ ਹਨ, ਉਸ ਨਾਲ ਸਥਿਤੀ ਗੰਭੀਰ ਹੋਈ ਹੈ। ਇਕ ਹੋਰ ਪ੍ਰੋਫੈਸਰ ਬੀਜੋਰਨ ਐਲਪਮੈੱਨ ਬੱਚਿਆਂ ਦੇ ਵਿਆਹ ਯੋਗ ਉਮਰ ’ਚ ਪਹੁੰਚਣ ’ਤੇ ਕੁੜੀਆਂ ਦੀ ਗਿਣਤੀ ਸਬੰਧੀ ਅਗਾਹ ਕਰਦੇ ਹਨ। ਉਨ੍ਹਾਂ ਕਿਹਾ, ਇਹ ਸੱਚ ਹੈ ਕਿ ਪਿਛਲੇ ਸਾਲ 1.2 ਕਰੋੜ ਬੱਚਿਆਂ ਨੇ ਜਨਮ ਲਿਆ ਹੈ ਪਰ ਇਹ ਲੋਕ ਜਦੋਂ ਵੱਡੇ ਹੋਣਗੇ ਤਾਂ 6, 00, 000 ਮੁੰਡਿਆਂ ਨੂੰ ਵਿਆਹ ਲਈ ਕੁੜੀ ਨਹੀਂ ਮਿਲੇਗੀ।