ਚੰਡੀਗੜ੍ਹ (ਸੱਚੀ ਕਲਮ ਬਿਊਰੋ) : ਪੰਜਾਬ ਦੇ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ 16 ਮਈ ਨੂੰ ਕੌਮੀ ਡੇਂਗੂ ਦਿਵਸ ਮੌਕੇ ਸੂਬੇ ਦੇ ਲੋਕਾਂ ਨੂੰ ਡੇਂਗੂ ਦੇ ਮੁਫ਼ਤ ਟੈਸਟ ਲਈ 4 ਨਵੀਆਂ ਲੈਬਾਰਟਰੀਆਂ ਸਮਰਪਿਤ ਕੀਤੀਆਂ। ਨਵੀਂਆਂ ਲੈਬਾਂ ਨੂੰ ਸਬ-ਡਵੀਜਨਲ ਹਸਪਤਾਲ ਖਰੜ, ਰਾਜਪੁਰਾ, ਅਬੋਹਰ ਅਤੇ ਜਗਰਾਉਂ ਵਿਖੇ ਕਾਰਜਸੀਲ ਕੀਤਾ ਗਿਆ ਹੈ।
ਸ. ਸਿੱਧੂ ਨੇ ਦੱਸਿਆ ਕਿ ਇਨਾਂ 4 ਲੈਬਾਂ ਨੂੰ ਸਾਮਲ ਕਰਨ ਨਾਲ ਪੰਜਾਬ ਵਿੱਚ ਹੁਣ ਡੇਂਗੂ ਅਤੇ ਚਿਕਨਗੁਨੀਆ ਦੀ ਮੁਫ਼ਤ ਜਾਂਚ ਲਈ ਸੂਬੇ ਭਰ ਵਿੱਚ 39 ਲੈਬਾਰਟਰੀਆਂ ਹਨ। ਸੂਬੇ ਨੇ ਪਹਿਲਾਂ ਹੀ ਸਾਰੀਆਂ ਲੈਬਾਰਟਰੀਆਂ ਲਈ ਟੈਸਟਿੰਗ ਕਿੱਟਾਂ ਖਰੀਦ ਲਈਆਂ ਹਨ ਅਤੇ ਸਾਰੀਆਂ ਲੈਬਾਂ ਡੇਂਗੂ ਦੀ ਜਾਂਚ ਕਰ ਰਹੀਆਂ ਹਨ।
ਸਿਹਤ ਮੰਤਰੀ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸੂਬੇ ਵਿੱਚ ਡੇਂਗੂ ਦਾ ਪ੍ਰਸਾਰ ਸੀਜਨ ਸੁਰੂ ਹੋ ਗਿਆ ਹੈ ਅਤੇ ਲੋਕਾਂ ਨੂੰ ਕੋਵਿਡ -19 ਦੀ ਚੱਲ ਰਹੀ ਮਹਾਂਮਾਰੀ ਦੌਰਾਨ ਡੇਂਗੂ ਦੀ ਰੋਕਥਾਮ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਡੇਂਗੂ (ਏਡਜ) ਮੱਛਰ ਸਾਫ਼ ਪਾਣੀ ਵਿੱਚ ਪੈਦਾ ਹੁੰਦਾ ਹੈ ਅਤੇ ਇੱਕ ਹਫਤੇ ਵਿੱਚ ਹੀ ਵੱਡਾ ਹੋ ਕੇ ਫੈਲਾਅ ਕਰਨਾ ਸ਼ੁਰੂ ਕਰ ਦਿੰਦਾ ਹੈ। ਇਸ ਲਈ ਸਾਰੇ ਪਾਣੀ ਦੇ ਕੰਟੇਨਰ ਜਿਵੇਂ ਕੂਲਰ, ਖਾਲੀ ਬੋਤਲਾਂ, ਡਰੱਮ, ਫ਼ਰਿਜਾਂ ਦੀਆਂ ਟਰੇਆਂ ਨੂੰ ਹਫਤੇ ਵਿੱਚ ਇੱਕ ਵਾਰ ਖਾਲੀ ਕਰਨਾ ਚਾਹੀਦਾ ਹੈ। ਪੰਜਾਬ ਸਰਕਾਰ ਪਹਿਲਾਂ ਹੀ ਹਰ ਸੁੱਕਰਵਾਰ ਨੂੰ ਡਰਾਈ ਡੇਅ ਵਜੋਂ ਘੋਸਤਿ ਕਰ ਚੁੱਕੀ ਹੈ।
ਸ. ਸਿੱਧੂ ਨੇ ਰਾਸਟਰੀ ਡੇਂਗੂ ਦਿਵਸ ਮੌਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਡੇਂਗੂ ਸਬੰਧੀ ਪੋਸਟਰ ਅਤੇ ਫੇਸ ਮਾਸਕ ਵੀ ਜਾਰੀ ਕੀਤੇ। ਇਸ ਮੌਕੇ ਉਨਾਂ ਨਾਲ ਡਾ. ਗੁਰਿੰਦਰ ਬੀਰ ਸਿੰਘ, ਡਾਇਰੈਕਟਰ ਹੈਲਥ ਸਰਵਿਸਿਜ ਅਤੇ ਡਾ. ਗਗਨਦੀਪ ਸਿੰਘ ਗਰੋਵਰ, ਸਟੇਟ ਪ੍ਰੋਗਰਾਮ ਅਫਸਰ ਐਨ.ਵੀ.ਬੀ.ਡੀ.ਸੀ.ਪੀ. ਵੀ ਸਨ।