ਚੰਡੀਗੜ੍ਹ : ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੇ ਚੰਡੀਗੜ੍ਹ ਦੀ ਇਕ ਲੋਕ ਸਭਾ ਸੀਟ ਲਈ ਐਤਵਾਰ ਵੋਟਾਂ ਪਈਆਂ। ਜਿਸ ਦੌਰਾਨ ਲੋਕਾਂ ਨੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ। ਇਸ ਵੋਟਿੰਗ ਦੌਰਾਨ ਇਕ ਅਜਿਹੇ ਵੋਟਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ ਦੇ ਦੋਵੇਂ ਹੱਥ ਨਹੀਂ ਹਨ ਤੇ ਉਸ ਨੇ ਪੈਰ ਦੇ ਨਾਲ ਵੋਟ ਪਾਈ ਹੈ। ਦਰਅਸਲ 'ਚ ਇਹ ਤਸਵੀਰਾਂ ਤੇਲੰਗਾਨਾ ਦੇ ਆਦਿਲਾਬਾਦ ਦੀਆਂ ਹਨ, ਜਿਥੇ ਜਾਕਿਰ ਪਾਸ਼ਾ ਨੇ ਪੈਰ ਨਾਲ ਵੋਟ ਪਾਈ ਹੈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ ਤੇ ਲੋਕਾਂ ਵਲੋਂ ਉਸ ਦੇ ਜੋਸ਼ ਨੂੰ ਸਲਾਮ ਕੀਤਾ ਜਾ ਰਿਹਾ ਹੈ।ਜਦ ਜਾਕਿਰ ਪਾਸ਼ਾ ਵੋਟਿੰਗ ਕੇਂਦਰ ਅੰਦਰ ਪੁੱਜਾ ਤਾਂ ਵੋਟਿੰਗ ਅਧਿਕਾਰੀ ਉਸ ਨੂੰ ਵੇਖ ਕੇ ਹੈਰਾਨ ਰਹਿ ਗਏ।
ਉਸ ਨੇ ਬਗੈਰ ਕਿਸੇ ਦੀ ਮਦਦ ਤੋਂ ਸੱਜੇ ਪੈਰ ਨਾਲ ਪੈਨ ਫੜ ਕੇ ਦਸਤਖਤ ਕੀਤੇ ਤੇ ਫਿਰ ਖੱਬੇ ਪੈਰ ਦੇ ਅੰਗੂਠੇ 'ਤੇ ਵੋਟ ਦੀ ਸਿਆਹੀ ਲਗਵਾਈ ਤੇ ਫਿਰ ਪੈਰ ਨਾਲ ਈ. ਵੀ. ਐਮ. ਦਾ ਬਟਨ ਦੱਬ ਕੇ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਲਈ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਹੈ। ਜਾਕਿਰ ਪਾਸ਼ਾ ਨੇ ਹੱਥ ਨਾ ਹੋਣ ਦੇ ਬਾਵਜੂਦ ਪੈਰ ਨਾਲ ਵੋਟ ਪਾ ਕੇ ਇਹ ਦੱਸ ਦਿੱਤਾ ਕਿ ਸਾਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ, ਇਹ ਸਾਡਾ ਸਾਰਿਆਂ ਦਾ ਪਹਿਲਾਂ ਫਰਜ਼ ਹੈ।