ਚੰਡੀਗੜ੍ਹ : ਪੀਜੀਆਈ ਚੰਡੀਗੜ੍ਹ ਨੂੰ ਅੱਜ ਨਵਾਂ ਡਾਇਰੈਕਟਰ ਮਿਲਿਆ ਹੈ। ਪੀਜੀਆਈ ਦੇ ਨਿਊਰੋਲੋਜੀ ਵਿਭਾਗ ਦੇ ਪ੍ਰੋਫੈਸਰ ਵਿਵੇਕ ਲਾਲ ਨੂੰ ਪੀਜੀਆਈ ਚੰਡੀਗੜ੍ਹ ਦਾ ਨਵਾਂ ਡਾਇਰੈਕਟਰ ਬਣਾਇਆ ਗਿਆ ਹੈ।
ਭਾਰਤ ਸਰਕਾਰ ਨੇ 36 ਸੀਨੀਅਰ ਡਾਕਟਰਾਂ ਦੇ ਪੈਨਲ ਵਿੱਚੋਂ ਪ੍ਰੋ. ਵਿਵੇਕ ਲਾਲ ਦੇ ਨਾਂ 'ਤੇ ਅੰਤਿਮ ਮੋਹਰ ਲਗਾਉਂਦੇ ਹੋਏ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਦੱਸ ਦੇਈਏ ਕਿ ਪ੍ਰੋ. ਵਿਵੇਕ ਲਾਲ ਪੀਜੀਆਈ ਦੇ ਨਿਊਰੋਲੋਜੀ ਵਿਭਾਗ ਦੇ ਮੁਖੀ ਹਨ। ਉਨ੍ਹਾਂ ਨੂੰ ਦੇਸ਼ ਦੇ ਮੰਨੇ-ਪ੍ਰਮੰਨੇ ਨਿਊਰੋਲੋਜਿਸਟ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਦੱਸਣਯੋਗ ਹੈ ਕਿ ਪ੍ਰੋ. ਜਗਤਰਾਮ ਦੀ ਸੇਵਾਮੁਕਤੀ ਤੋਂ ਬਾਅਦ ਹੁਣ ਤੱਕ ਪੀਜੀਆਈ ਦੇ ਐਡਵਾਂਸ ਪੀਡੀਆਟ੍ਰਿਕ ਸੈਂਟਰ ਦੇ ਮੁਖੀ ਪ੍ਰੋ. ਸੁਰਜੀਤ ਸਿੰਘ ਡਾਇਰੈਕਟਰ ਇੰਚਾਰਜ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ। ਇੰਚਾਰਜ ਵਜੋਂ ਉਨ੍ਹਾਂ ਦਾ ਛੇ ਮਹੀਨੇ ਦਾ ਕਾਰਜਕਾਲ 30 ਅਪ੍ਰੈਲ ਨੂੰ ਪੂਰਾ ਹੋ ਗਿਆ ਸੀ। ਉਸ ਦੌਰਾਨ ਉਮੀਦ ਕੀਤੀ ਜਾ ਰਹੀ ਸੀ ਕਿ ਮੰਤਰਾਲੇ ਵੱਲੋਂ ਕਿਸੇ ਦੇ ਨਾਂ ਦਾ ਐਲਾਨ ਕੀਤਾ ਜਾਵੇਗਾ ਪਰ ਅਜਿਹਾ ਨਹੀਂ ਹੋਇਆ।
ਉਸ ਸਮੇਂ ਪ੍ਰੋ. ਸੁਰਜੀਤ ਦਾ ਹੀ ਕਾਰਜਕਾਲ ਵਧਾਉਣ ਦੇ ਨਿਰਦੇਸ਼ ਦਿੱਤੇ ਸਨ। ਜਿਸ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਸੀ ਕਿ ਅਗਲੇ ਡਾਇਰੈਕਟਰ ਦੇ ਨਾਂ ਦਾ ਐਲਾਨ ਘੱਟੋ-ਘੱਟ ਤਿੰਨ ਮਹੀਨਿਆਂ ਤੱਕ ਨਹੀਂ ਹੋਵੇਗਾ। ਪਰ 5 ਮਈ ਦੀ ਸ਼ਾਮ ਨੂੰ ਨਵੇਂ ਡਾਇਰੈਕਟਰ ਦੀ ਤਾਇਨਾਤੀ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।