ਮਨਾਲੀ: ਕੋਰੋਨਾ ਮਹਾਂਮਾਰੀ ਦੇ ਚਲਦਿਆਂ ਮਨਾਲੀ ਦਾ ਸੈਰ-ਸਪਾਟਾ ਕਾਰੋਬਾਰ ਭਾਰੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਦਰਅਸਲ ਮਹਾਂਮਾਰੀ ਦੇ ਚਲਦਿਆਂ 2000 ਦੇ ਕਰੀਬ ਹੋਟਲ ਅਤੇ ਗੈਸਟ ਹਾਊਸ ਵਾਲੇ ਸ਼ਹਿਰ ਮਨਾਲੀ ਦੇ 95% ਹੋਟਲਾਂ ਵਿਚ ਤਾਲੇ ਲੱਗੇ ਹੋਏ ਹਨ ਜਦਕਿ ਲੀਜ਼ ’ਤੇ ਹੋਟਲ ਲੈਣ ਵਾਲੇ 90 ਫੀਸਦ ਕਾਰੋਬਾਰੀ ਹੋਟਲਾਂ ਨੂੰ ਛੱਡ ਕੇ ਜਾ ਚੁੱਕੇ ਹਨ।
2020 ਦੇ ਲਾਕਡਾਊਨ ਦੌਰਾਨ ਇਹ ਹੋਟਲ ਪੂਰੀ ਤਰ੍ਹਾਂ ਬੰਦ ਸੀ। ਇਸ ਦੇ ਚਲਦਿਆਂ ਨਾ ਸਿਰਫ ਕਾਰੋਬਾਰੀਆਂ ਨੂੰ ਭਾਰੀ ਨੁਕਸਾਨ ਹੋਇਆ ਬਲਕਿ ਰਾਜ ਸਰਕਾਰ ਨੂੰ ਵੀ ਮਾਲੀਏ ਵਜੋਂ ਕਰੋੜਾਂ ਦਾ ਨੁਕਸਾਨ ਹੋਇਆ ਹੈ।
ਟੂਰਿਸਟ ਵਿਭਾਗ ਕੋਲ ਮੌਜੂਦਾ ਸਮੇਂ ਵਿਚ ਕਾਂਗੜਾ ਘਾਟੀ ਵਿਚ 900 ਦੇ ਕਰੀਬ ਹੋਟਲ ਅਤੇ ਗੈਸਟ ਹਾਊਸ ਰਜਿਸਟਰ ਹਨ। 300 ਤੋਂ ਜ਼ਿਆਦਾ ਹੋਟਲ ਬਿਨਾਂ ਰਜਿਸਟਰੇਸ਼ਨ ਸੰਚਾਲਿਤ ਕੀਤੇ ਜਾ ਰਹੇ ਹਨ।
ਮੈਕਲੋਡਗੰਜ ਵਿਚ ਪਿਛਲੇ ਡੇਢ ਸਾਲ ਤੋਂ ਬਿਨਾਂ ਕਾਰੋਬਾਰ ਦੇ ਚਲਦਿਆਂ ਵੱਖ-ਵੱਖ ਹੋਟਲਾਂ ਨੂੰ 40 ਲੀਜ਼ ਹੋਲਡਰ ਛੱਡ ਕੇ ਚਲੇ ਗਏ।
ਹੋਟਲਅਰਜ਼ ਐਸੋਸੀਏਸ਼ਨ ਦੇ ਮੁਖੀ ਅਨੁਪ ਠਾਕੁਰ ਦਾ ਕਹਿਣਾ ਹੈ ਕਿ ਸਰਕਾਰ ਨੇ ਇਸ ਦੌਰਾਨ ਹੋਟਲਅਰਜ਼ ਨੂੰ ਕਿਸੇ ਵੀ ਤਰ੍ਹਾਂ ਦੀ ਰਾਹਤ ਨਹੀਂ ਦਿੱਤੀ ਹੈ। ਉਹਨਾਂ ਕਿਹਾ ਸਰਕਾਰ ਨੂੰ ਈਐਮਆਈ ਨੂੰ ਇਕ ਸਾਲ ਤੱਕ ਲਈ ਮੁਲਤਵੀ ਕਰਨਾ ਚਾਹੀਦਾ ਹੈ। ਇਕ ਸਾਲ ਤੱਕ ਕਿਸੇ ਤਰ੍ਹਾਂ ਦਾ ਵਿਆਜ ਨਹੀਂ ਲੱਗਣਾ ਚਾਹੀਦਾ। ਉਹਨਾਂ ਮੰਗ ਕੀਤੀ ਕਿ ਪ੍ਰਦੂਸ਼ਣ ਕੰਟਰੋਲ ਬੋਰਡ, ਟੈਕਸ, ਬਿਜਲੀ ਅਤੇ ਪਾਣੀ ਦੇ ਬਿੱਲਾਂ ਉੱਤੇ ਵੀ ਛੋਟ ਦੇਣੀ ਚਾਹੀਦੀ ਤਾਂ ਕਿ ਹੋਟਲ ਮਾਲਕਾਂ ਨੂੰ ਰਾਹਤ ਮਿਲ ਸਕੇ।