ਲੁਧਿਆਣਾ : ਪੋਲਟਰੀ ਫਾਰਮ 'ਚ ਬੋਰਡ ਫਲੂ ਦੇ ਸੈਂਪਲ ਮਿਲਣ ਮਗਰੋਂ ਪ੍ਰਸ਼ਾਸਨ ਹਰਕਤ ਵਿਚ ਆ ਗਿਆ ਹੈ। ਇਸ ਸਬੰਧੀ ਅਲਰਟ ਕਰਦਿਆਂ ਪੰਜਾਬ ਦੇ ਐਨੀਮਲ ਐਂਡ ਹਸਬੈਂਡਰੀ ਵਿਭਾਗ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ। ਵਿਭਾਗ ਵੱਲੋਂ ਪੋਲਟਰੀ ਫਾਰਮ ਦੇ ਇਕ ਕਿਲੋਮੀਟਰ ਤੱਕ ਦੇ ਖੇਤਰ ਨੂੰ ਇਨਫੈਕਟਿਡ ਐਲਾਨਿਆ ਗਿਆ ਹੈ। ਇਸ ਸਬੰਧੀ ਜ਼ਿਲ੍ਹਾ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਕਮੇਟੀ ਦੀ ਅਗਵਾਈ ਖੰਨਾ ਦੇ ਏ. ਡੀ. ਸੀ. ਸਤਿਕਾਰ ਸਿੰਘ ਬਾਦਲ ਨੂੰ ਸੌਂਪੀ ਗਈ ਹੈ, ਜੋ ਕਿ ਕਮੇਟੀ ਦੇ ਚੇਅਰਮੈਨ ਹੋਣਗੇ।
ਸਤਿਕਾਰ ਸਿੰਘ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਰਡ ਫਲੂ ਤੋਂ ਨਾ ਘਬਰਾਉਣ। ਸਤਿਕਾਰ ਸਿੰਘ ਨੇ ਦੱਸਿਆ ਕਿ ਲੁਧਿਆਣਾ ਦੇ ਕਿਲ੍ਹਾ ਰਾਏਪੁਰ ਸਥਿਤ ਪਿੰਡ ਵਿੱਚ ਬਰਡ ਫਲੂ ਦੇ ਸੈਂਪਲ ਮਿਲਣ ਤੋਂ ਬਾਅਦ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਬਰਡ ਫਲੂ ਦਾ ਅਸਰ ਮਨੁੱਖੀ ਸਰੀਰ ਤੇ ਨਾਂ ਮਾਤਰ ਹੀ ਹੁੰਦਾ ਹੈ ਉਨ੍ਹਾਂ ਨੇ ਵੀ ਕਿਹਾ ਕਿ ਪੂਰੇ ਵਿਸ਼ਵ ਭਰ 'ਚ ਬਹੁਤ ਘੱਟ ਕੇਸ ਆਏ ਹਨ, ਜਦੋਂ ਬਰਡ ਫਲੂ ਦਾ ਮਨੁੱਖੀ ਸਰੀਰ 'ਤੇ ਕੋਈ ਅਸਰ ਹੋਇਆ ਹੋਵੇ।