ਮੁੰਬਈ : 24 ਘੰਟਿਆਂ ਦੌਰਾਨ ਕੋਰੋਨਾ ਮਹਾਮਾਰੀ ਨਾਲ 4 ਫ਼ਿਲਮੀ ਸਿਤਾਰਿਆਂ ਦੀ ਮੌਤ ਹੋ ਗਈ ਹੈ। ਇਸ ’ਚ ਦੱਖਣੀ ਫ਼ਿਲਮਾਂ ਦੇ ਅਦਾਕਾਰ ਪਾਂਡੂ, ਅਦਾਕਾਰਾ ਸ੍ਰੀਪ੍ਰਦਾ, ਅਭਿਲਾਸ਼ਾ ਪਾਟਿਲ ਤੇ ਫ਼ਿਲਮ ਐਡੀਟਰ ਅਜੇ ਸ਼ਰਮਾ ਸ਼ਾਮਲ ਹਨ। ਦੱਖਣੀ ਫ਼ਿਲਮਾਂ ਦੇ ਅਦਾਕਾਰ ਪਾਂਡੂ ਦਾ 74 ਸਾਲ ਦੀ ਉਮਰ ’ਚ ਕੋਰੋਨਾ ਵਾਇਰਸ ਕਾਰਨ ਦਿਹਾਂਤ ਹੋ ਗਿਆ ਹੈ। ਅਦਾਕਾਰ ਮਾਨੋਬਾਲਾ ਨੇ ਉਨ੍ਹਾਂ ਦੇ ਦਿਹਾਂਤ ਦੀ ਪੁਸ਼ਟੀ ਕੀਤੀ ਹੈ। ਦੱਖਣੀ ਫ਼ਿਲਮ ਜਗਤ ’ਚ ਅਦਾਕਾਰ ਦੇ ਦਿਹਾਂਤ ਨਾਲ ਸ਼ੋਕ ਦੀ ਲਹਿਰ ਹੈ। ਸਿਨੇ ਐਂਡ ਟੀ. ਵੀ. ਆਰਟਿਸਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਮਿਤ ਬਹਿਲ ਨੇ ਸ੍ਰੀਪ੍ਰਦਾ ਦੀ ਮੌਤ ਦੀ ਪੁਸ਼ਟੀ ਕੀਤੀ ਹੈ।
ਬਹਿਲ ਨੇ ਦੱਸਿਆ ਕਿ ਸ੍ਰੀਪ੍ਰਦਾ ਦੀ ਮੌਤ ਕੋਰੋਨਾ ਕਾਰਨ ਹੋਈ ਹੈ। ਸ੍ਰੀਪ੍ਰਦਾ ਨੇ ਵਿਨੋਦ ਖੰਨਾ, ਗੁਲਸ਼ਨ ਗਰੋਵਰ, ਗੋਵਿੰਦਾ ਸਮੇਤ ਕਈ ਵੱਡੇ ਸਿਤਾਰਿਆਂ ਨਾਲ ਕੰਮ ਕੀਤਾ ਸੀ। ਸੁਸ਼ਾਂਤ ਸਿੰਘ ਰਾਜਪੂਤ ਦੀ ਫ਼ਿਲਮ ‘ਛਿਛੋਰੇ’ ਦੀ ਸਹਿ-ਕਲਾਕਾਰ ਰਹੀ ਅਭਿਲਾਸ਼ਾ ਪਾਟਿਲ ਦਾ ਕੋਰੋਨਾ ਨਾਲ ਦਿਹਾਂਤ ਹੋ ਗਿਆ। ਅਭਿਲਾਸ਼ਾ ਵਾਰਾਣਸੀ ’ਚ ਆਪਣੀ ਆਗਾਮੀ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਸੀ ਤੇ ਜਦੋਂ ਉਹ ਵਾਪਸ ਮੁੰਬਈ ਆਪਣੇ ਘਰ ਪਰਤੀ ਤਾਂ ਕੋਵਿਡ ਦਾ ਸ਼ਿਕਾਰ ਹੋ ਗਈ, ਜਿਸ ਤੋਂ ਬਾਅਦ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਇਸੇ ਤਰ੍ਹਾਂ ਫ਼ਿਲਮ ਐਡੀਟਰ ਅਜੇ ਸ਼ਰਮਾ ਦਾ ਵੀ ਬੀਤੇ ਦਿਨੀਂ ਕੋਰੋਨਾ ਨਾਲ ਲੜਾਈ ਲੜਦਿਆਂ ਦਿਹਾਂਤ ਹੋ ਗਿਆ। ਅਜੇ ਦਾ ਨਵੀਂ ਦਿੱਲੀ ਦੇ ਸਰਕਾਰੀ ਹਸਪਤਾਲ ’ਚ ਇਲਾਜ ਚੱਲ ਰਿਹਾ ਸੀ। ਅਜੇ ਨੇ ‘ਲੁਡੋ’, ‘ਜੱਗਾ ਜਾਸੂਸ’, ‘ਬਰਫ਼ੀ’, ‘ਕਾਈ ਪੋ ਚੇ’, ‘ਯੇ ਜਵਾਨੀ ਹੈ ਦੀਵਾਨੀ’ ਵਰਗੀਆਂ ਕਈ ਫ਼ਿਲਮਾਂ ਨੂੰ ਐਡਿਟ ਕੀਤਾ ਸੀ।