ਬਿਜਿੰਗ: ਚੀਨ ਵਲੋ ਆਕਾਸ਼ ਵਿਚ ਭੇਜਿਆ ਰਾਕਟ ਦੇ ਕੋਰ ਸਟੇਜ ਨੂੰ ਸਮੁੰਦਰ ’ਚ ਬਣਾਈ ਗਈ ਇਕ ਥਾਂ ’ਤੇ ਡਿੱਗਣਾ ਸੀ, ਪਰ ਇਹ ਅਸੰਤੁਲਿਤ ਹੋ ਗਿਆ ਅਤੇ ਧਰਤੀ ਦੇ ਚੱਕਰ ਕੱਟਣ ਲੱਗਾ। ਅਮਰੀਕੀ ਸੁਰੱਖਿਆ ਵਿਭਾਗ ਦਾ ਮੰਨਣਾ ਹੈ ਕਿ ਇਹ 8 ਮਈ ਦੇ ਆਸਪਾਸ ਧਰਤੀ ਦੇ ਵਾਤਾਵਰਨ ’ਚ ਦੁਬਾਰਾ ਪ੍ਰਵੇਸ਼ ਕਰ ਸਕਦਾ ਹੈ। ਦਸਣਯੋਗ ਹੈ ਕਿ ਚੀਨ ਦਾ ਇਕ ਵੱਡਾ ਰਾਕੇਟ ਅਸੰਤੁਲਿਤ ਹੋ ਕੇ ਧਰਤੀ ਦੇ ਚਾਰੋਂ ਪਾਸੇ ਚੱਕਰ ਲਗਾ ਰਿਹਾ ਹੈ ਅਤੇ ਆਉਣ ਵਾਲੇ ਕੁਝ ਦਿਨਾਂ ’ਚ ਇਹ ਧਰਤੀ ’ਤੇ ਵਾਪਸ ਡਿੱਗ ਸਕਦਾ ਹੈ। ਇਸ ਲਾਂਗ ਮਾਰਚ 5ਬੀ ਰਾਕੇਟ ਦੇ ਕੋਰ ਸਟੇਜ ਦਾ ਭਾਰ 21 ਟਨ ਹੈ। ਪਿਛਲੇ ਹਫ਼ਤੇ ਚੀਨ ਨੇ ਆਪਣਾ ਸਪੇਸ ਸਟੇਸ਼ਨ ਬਣਾਉਣ ਲਈ ਪਹਿਲਾ ਮਡਿਊਲ ਲਾਂਚ ਕੀਤਾ ਸੀ।
ਰਾਕੇਟ ਦੇ ਕੋਰ ਸਟੇਜ ਦੀ ਲੰਬਾਈ 100 ਫੁੱਟ ਅਤੇ ਚੌੜਾਈ 16 ਫੁੱਟ ਹੈ। ਜਦੋਂ ਇਹ ਆਰਬਿਟ ’ਚੋਂ ਨਿਕਲ ਕੇ ਧਰਤੀ ਦੇ ਵਾਤਾਵਰਨ ’ਚ ਐਂਟਰ ਕਰੇਗਾ ਤਾਂ ਇਸਦੇ ਸੜਨ ਦੀ ਸੰਭਾਵਨਾ ਹੈ। ਇਸਦੇ ਬਾਵਜੂਦ ਕੋਰ ਸਟੇਜ ਦੇ ਵੱਡੇ ਹਿੱਸੇ ਮਲਬੇ ਦੇ ਰੂਪ ’ਚ ਧਰਤੀ ’ਤੇ ਡਿੱਗ ਸਕਦੇ ਹਨ। ਸਾਡੇ ਗ੍ਰਹਿ ਦਾ ਵੱਡਾ ਹਿੱਸਾ ਸਮੁੰਦਰ ਨਾਲ ਘਿਰਿਆ ਹੋਇਆ ਹੈ, ਅਜਿਹੇ ’ਚ ਰਾਕੇਟ ਦੇ ਹਿੱਸਿਆਂ ਦੇ ਉਥੇ ਹੀ ਡਿੱਗਣ ਦੀ ਸੰਭਾਵਨਾ ਹੈ। ਫਿਰ ਵੀ ਇਹ ਆਸ-ਪਾਸ ਦੇ ਇਲਾਕਿਆਂ ਲਈ ਖ਼ਤਰਾ ਪੈਦਾ ਕਰ ਸਕਦੇ ਹਨ।