ਹੈਦਰਾਬਾਦ : ਪਹਿਲੀ ਵਾਰ ਸਾਹਮਣੇ ਆਏ ਮਾਮਲੇ ਦੇ ਤਹਿਤ ਹੈਦਰਾਬਾਦ ਦੇ ਨਹਿਰੂ ਜੂਲਾਜਿਕਲ ਪਾਰਕ (ਐਨ.ਜੈਡ.ਪੀ.) ’ਚ 8 ਏਸ਼ੀਆਈ ਸ਼ੇਰ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਸ਼ੇਰਾਂ ਦਾ ਆਰ.ਟੀ.-ਪੀ.ਸੀ.ਆਰ. ਟੈਸਟ ਪਾਜ਼ੇਟਿਵ ਆਇਆ ਹੈ।
ਇਥੇ ਦੇ ਸੀਐਸਆਈਆਰ-ਸੈਲੁਲਰ ਅਤੇ ਅਣੂ ਜੀਵ ਵਿਗਿਆਨ ਕੇਂਦਰ (ਸੀਸੀਐਮਬੀ) ’ਚ ਸਲਾਹਕਾਰ ਰਾਕੇਸ਼ ਮਿਸ਼ਰਾ ਨੇ ਮੰਗਲਵਾਰ ਨੂੰ ਦਸਿਆ ਕਿ ਪ੍ਰਮੁੱਖ ਖੋਜ ਕੇਂਦਰ ’ਚ ਸ਼ੇਰਾਂ ਦੀ ਲਾਰ ਦੇ ਨਮੂਨਿਆਂ ਦੀ ਚੰਗੀ ਤਰ੍ਹਾਂ ਨਾਲ ਜਾਂਚ ਕੀਤੀ ਗਈ ਸੀ। ਮਿਸ਼ਰਾ ਨੇ ਦਸਿਆ, ‘‘ਏਸ਼ੀਆਈ ਸ਼ੇਰਾਂ ਦੀ ਲਾਰ ਦੇ ਨਮੂਨਿਆਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਅਤੇ ਉਨ੍ਹਾਂ ’ਚ ਵਾਇਰਸ ਮਿਲਿਆ ਹੈ। ਉਹ ਇਕੱਠੇ ਰਹਿੰਦੇ ਹਨ, ਇਸ ਲਈ ਉਨ੍ਹਾਂ ’ਚ ਵਾਇਰਸ ਫ਼ੈਲ ਗਿਆ ਹੋਵੇਗਾ।’’ ਉਨ੍ਹਾਂ ਕਿਹਾ ਕਿ ਨਹਿਰੂ ਜੂਲਾਜਿਕਲ ਪਾਰਕ ਦੇ ਸ਼ੇਰਾਂ ’ਚ ਮਿਲਿਆ ਵਾਇਰਸ ਨਵੇਂ ਰੂਪ ਦਾ ਨਹੀਂ ਹੈ। ਉਨ੍ਹਾਂ ਕਿਹਾ, ‘‘ਉਨ੍ਹਾਂ ਵਿਚ ਹਲਕੇ ਲੱਛਣ ਹਨ ਅਤੇ ਉਹ ਚੰਗੀ ਤਰ੍ਹਾਂ ਖਾਣਾ ਖਾ ਰਹੇ ਹਨ ਅਤੇ ਉਹ ਠੀਕ ਹਨ।’’
ਜਾਣਕਾਰੀ ਮੁਤਾਬਕ ਪਸ਼ੂਆਂ ਦੇ ਇਕ ਡਾਕਟਰਾਂ ਨੇ ਦਸਿਆ ਕਿ ਸ਼ੇਰਾਂ ਨੂੰ ਭੁੱਖ ਦੀ ਕਮੀ, ਨੱਕ ’ਚੋਂ ਪਾਣੀ ਨਿਕਲਣ ਅਤੇ ਖੰਘ ਦੀ ਸ਼ਿਕਾਇਤ ਮਿਲੀ ਸੀ। ਇਸ ਤੋਂ ਬਾਅਦ ਅਧਿਕਾਰੀਆਂ ਨੇ ਸ਼ੇਰਾਂ ਦੇ ਨਮੂਨੇ ਲਈ ਅਤੇ ਪ੍ਰੀਖਣ ਲਈ ਭੇਜੇ। ਹੁਣ ਉਨ੍ਹਾਂ ਦੀ ਰੀਪੋਰਟ ਪਾਜ਼ੇਟਿਵ ਆਈ ਹੈ। ਇਨ੍ਹਾਂ ’ਚੋਂ 4 ਨਰ ਸ਼ੇਰ ਦੱਸੇ ਜਾ ਰਹੇ ਹਨ। ਉਥੇ ਹੀ ਪਾਰਕ ਦੇ ਕਿਊਰੇਟਰ ਅਤੇ ਡਾਇਰੈਕਟਰ ਡਾ. ਸਿਧਾਨੰਦ ਕੁਕਰੇਤੀ ਨੇ ਕਿਹਾ ਕਿ ਇਨ੍ਹਾਂ ਸ਼ੇਰਾਂ ’ਚ ਕੋਰੋਨਾ ਦੇ ਲੱਛਣ ਨਜ਼ਰ ਆਉਣ ਤੋਂ ਬਾਅਦ 29 ਅਪ੍ਰੈਲ ਨੂੰ ਆਰ.ਟੀ.-ਪੀ.ਸੀ.ਆਰ. ਟੈਸਟ ਕਰਵਾਇਆ ਗਿਆ।
ਉਨ੍ਹਾਂ ਕਿਹਾ ਕਿ ਫਿਲਹਾਲ ਸਾਰੇ ਸ਼ੇਰਾਂ ਦੀ ਸਿਹਤ ਠੀਕ ਹੈ। ਉਥੇ ਹੀ 380 ਏਕੜ ਦੇ ਫੈਲੇ ਨਹਿਰੂ ਜੂਲਾਜਿਕਲ ਪਾਰਕ ਨੂੰ ਫਿਲਹਾਲ ਜਨਤਾ ਲਈ ਬੰਦ ਕਰ ਦਿਤਾ ਗਿਆ ਹੈ। ਇਹ ਪਾਰਕ ਸੰਘਣੀ ਆਬਾਦੀ ਵਾਲੇ ਖੇਤਰ ਕੋਲ ਸਥਿਤ ਹੈ। ਸੁਰੱਖਿਆ ਨੂੰ ਧਿਆਨ ’ਚ ਰਖਦੇ ਹੋਏ ਪਾਰਕ ’ਚ ਕੰਮ ਕਰਨ ਵਾਲੇ 25 ਕਾਮਿਆਂ ਦਾ ਵੀ ਕੋਰੋਨਾ ਟੈਸਟ ਕਰਵਾਇਆ ਜਾ ਰਿਹਾ ਹੈ। ਜੇਕਰ ਉਨ੍ਹਾਂ ਦੀ ਜਾਂਚ ਪਾਜ਼ੇਟਿਵ ਆਉਂਦੀ ਹੈ ਤਾਂ ਪਾਰਕ ਲਈ ਇਹ ਵੱਡੀ ਸਮੱਸਿਆ ਹੋਵੇਗੀ।