ਰਾਜਸਥਾਨ ਨੇ ਹੈਦਰਾਬਾਦ ਨੂੰ 55 ਦੌੜਾਂ ਨਾਲ ਹਰਾਇਆ
ਨਵੀਂ ਦਿੱਲੀ : ਇਥੋਂ ਦੇ ਅਰੁਣ ਜੇਤਲੀ ਕ੍ਰਿਕਟ ਸਟੇਡੀਅਮ ਵਿਚ ਆਈ. ਪੀ. ਐੱਲ. ਦੇ 28ਵੇਂ ਮੈਚ ’ਚ ਅੱਜ ਰਾਜਸਥਾਨ ਰਾਇਲਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ 55 ਦੌੜਾਂ ਨਾਲ ਹਰਾਇਆ। ਮੈਚ ’ਚ ਜੋਸ ਬਟਲਰ ਦੀਆਂ ਸ਼ਾਨਦਾਰ 124 ਦੌੜਾਂ ਦੀ ਬਦੌਲਤ ਰਾਜਸਥਾਨ ਨੇ ਨਿਰਧਾਰਤ 20 ਓਵਰਾਂ ’ਚ 3 ਵਿਕਟਾਂ ਦੇ ਨੁਕਸਾਨ ’ਤੇ 220 ਦੌੜਾਂ ਬਣਾਈਆਂ। ਇਸ ਤਰ੍ਹਾਂ ਰਾਜਸਥਾਨ ਨੇ ਹੈਦਰਾਬਾਦ ਨੂੰ ਜਿੱਤ ਲਈ 221 ਦੌੜਾਂ ਦਾ ਟੀਚਾ ਦਿਤਾ। ਟੀਚੇ ਦਾ ਪਿੱਛਾ ਕਰਨ ਉਤਰੀ ਹੈਦਰਾਬਾਦ ਦੀ ਟੀਮ ਨਿਰਧਾਰਤ 20 ਓਵਰਾਂ ’ਚ ਸਿਰਫ਼ 165 ਦੌੜਾਂ ਹੀ ਬਣਾ ਸਕੀ। ਹੈਦਰਾਬਾਦ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਮਨੀਸ਼ ਪਾਂਡੇ 31 ਦੌੜਾਂ ਦੇ ਨਿੱਜੀ ਸਕੋਰ ’ਤੇ ਮੁਸਤਫ਼ਿਜ਼ੁਰ ਵਲੋਂ ਬੋਲਡ ਹੋ ਗਏ। ਮਨੀਸ਼ ਨੇ ਅਪਣੀ ਪਾਰੀ ਦੇ ਦੌਰਾਨ 3 ਚੌਕੇ ਤੇ 2 ਛਿੱਕੇ ਲਾਏ। ਹੈਦਰਾਬਾਦ ਦਾ ਦੂਜਾ ਵਿਕਟ ਜਾਨੀ ਬੇਅਰਸਟਾ ਦੇ ਤੌਰ ’ਤੇ ਡਿੱਗਾ। ਉਸ ਨੇ 30 ਦੌੜਾਂ ਦੇ ਨਿੱਜੀ ਸਕੋਰ ’ਤੇ 4 ਚੌਕੇ ਤੇ 1 ਛੱਕਾ ਲਾਇਆ। ਉਹ ਰਾਹੁਲ ਤਵੇਤੀਆ ਦੀ ਗੇਂਦ ’ਤੇ ਅਨੁਜ ਰਾਵਤ ਨੂੰ ਕੈਚ ਦੇ ਕੇ ਪੈਵੇਲੀਅਨ ਪਰਤ ਗਏ। ਵਿਜੇ ਸ਼ੰਕਰ ਕੋਈ ਖ਼ਾਸ ਕਮਾਲ ਨਾ ਕਰ ਸਕੇ । ਉਹ 8 ਦੌੜਾਂ ਦੇ ਨਿੱਜੀ ਸਕੋਰ ’ਤੇ ਕ੍ਰਿਸ ਮੋਰਿਸ ਦੀ ਗੇਂਦ ’ਤੇ ਮਿਲਰ ਦਾ ਸ਼ਿਕਾਰ ਬਣੇ। ਹੈਦਰਾਬਾਦ ਨੂੰ ਅਗਲਾ ਝਟਕਾ ਉਦੋਂ ਲੱਗਾ ਜਦੋਂ ਕਪਤਾਨ ਕੇਨ ਵਿਲੀਅਮਸਨ 20 ਦੌੜਾਂ ਦੇ ਨਿੱਜੀ ਸਕੋਰ ’ਤੇ ਕਾਰਤਿਕ ਤਿਆਗ਼ੀ ਦੀ ਗੇਂਦ ’ਤੇ ਕ੍ਰਿਸ ਮੋਰਿਸ ਨੂੰ ਕੈਚ ਫੜਾ ਕੇ ਪੈਵੇਲੀਅਨ ਪਰਤ ਗਏ। ਹੈਦਰਾਬਾਦ ਦੇ ਮੁਹੰਮਦ ਨਬੀ 17 ਦੌੜਾਂ, ਅਬਦੁਲ ਸਮਦ 10 ਦੌੜਾਂ, ਕੇਦਾਰ ਜਾਧਵ 19 ਦੌੜਾਂ ਤੇ ਰਾਸ਼ਿਦ ਖ਼ਾਨ ਸਿਫ਼ਰ ’ਤੇ ਆਊਟ ਹੋਏ।
ਉਧਰ ਰਾਜਸਥਾਨ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਯਸ਼ਸਵੀ ਜਾਇਸਵਾਲ 12 ਦੌੜਾਂ ਦੇ ਨਿੱਜੀ ਸਕੋਰ ’ਤੇ ਰਾਸ਼ਿਦ ਖ਼ਾਨ ਵਲੋਂ ਐੱਲ. ਬੀ. ਡਬਲਿਊ. ਆਊਟ ਹੋ ਗਏ। ਕਪਤਾਨ ਸੰਜੂ ਸੈਮਸਨ ਨੇ 33 ਗੇਂਦਾਂ ’ਚ 48 ਦੌੜਾਂ ਦੀ ਪਾਰੀ ਖੇਡੀ। ਉਸ ਨੇ ਅਪਣੀ ਪਾਰੀ ਦੌਰਾਨ 4 ਚੌਕੇ ਤੇ ਦੋ ਛਿੱਕੇ ਵੀ ਲਾਏ ਪਰ ਬਦਕਿਸਮਤੀ ਨਾਲ ਉਹ ਵਿਜੇ ਸ਼ੰਕਰ ਦੀ ਗੇਂਦ ’ਤੇ ਅਬਦੁਲ ਸਮਦ ਨੂੰ ਕੈਚ ਦੇ ਕੇ ਆਊਟ ਹੋ ਗਏ। ਜੋਸ ਬਟਲਰ 124 ਦੌੜਾਂ ਦੇ ਸਕੋਰ ’ਤੇ ਸੰਦੀਪ ਸ਼ਰਮਾ ਹੱਥੋਂ ਬੋਲਡ ਹੋ ਕੇ ਆਊਟ ਹੋਏ। ਇਸ ਤਰ੍ਹਾਂ ਬੀਤੇ ਦਿਨ ਕਪਤਾਨ ਬਦਲ ਕੇ ਵੀ ਹੈਦਰਾਬਾਦ ਦੀ ਟੀਮ ਜਿੱਤ ਹਾਸਲ ਨਾ ਕਰ ਸਕੀ। ਜ਼ਿਕਰਯੋਗ ਹੈ ਕਿ ਬੀਤੇ ਕਲ ਹੈਦਰਾਬਾਦ ਦੀ ਟੀਮ ਮੈਨੇਜਮੈਂਟ ਨੇ ਡੇਵਿਡ ਵਾਰਨਰ ਨੂੰ ਹਟਾ ਕੇ ਕੇਨ ਵਿਲੀਅਮਸਨ ਨੂੰ ਕਪਤਾਨੀ ਦੇ ਦਿਤੀ ਸੀ।