ਮੁੰਬਈ : ਹਿੰਦੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਦਿਲੀਪ ਕੁਮਾਰ ਸਿਹਤ ਕਾਰਨਾਂ ਕਰਕੇ ਮੁੰਬਈ ਦੇ ਹਿੰਦੂਜਾ ਹਸਪਤਾਲ ’ਚ ਦਾਖਲ ਹੋਏ ਹਨ। ਉਹ ਰੁਟੀਨ ਚੈੱਕਅੱਪ ਲਈ ਦਾਖਲ ਹਨ। ਦਿਲੀਪ ਕੁਮਾਰ ਦੀ ਪਤਨੀ ਤੇ ਅਦਾਕਾਰਾ ਸਾਇਰਾ ਬਾਨੋ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਦਿਲੀਪ ਕੁਮਾਰ ਦੀ ਸਿਹਤ ਕਾਰਨਾਂ ਕਰਕੇ ਅਸੀਂ ਇਥੇ ਰੁਟੀਨ ਚੈੱਕਅੱਪ ਲਈ ਆਏ ਹਾਂ। ਪ੍ਰਮਾਤਮਾ ਦੀ ਕਿਰਪਾ ਨਾਲ ਅਸੀਂ ਜਿੰਨੀ ਜਲਦੀ ਹੋ ਸਕੇ ਘਰ ਜਾਵਾਂਗੇ।
ਉਨ੍ਹਾਂ ਕਿਹਾ ਕਿ ਜੇ ਸਭ ਕੁਝ ਪ੍ਰਮਾਤਮਾ ਦੀ ਕਿਰਪਾ ਨਾਲ ਠੀਕ ਚੱਲਦਾ ਹੈ ਤਾਂ ਕੱਲ ਅਸੀਂ ਖਾਰ ਹਿੰਦੂਜਾ ਨਾਨ ਕੋਵਿਡ ਹਸਪਤਾਲ ਤੋਂ ਦਿਲੀਪ ਕੁਮਾਰ ਨਾਲ ਘਰ ਜਾਵਾਂਗੇ। ਮੁੰਬਈ ’ਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਵਿਚਕਾਰ ਕਿਸੇ ਵੀ ਕਾਰਨ ਲਈ ਹਸਪਤਾਲ ਜਾਣਾ ਖਤਰਨਾਕ ਹੈ। ਉਮੀਦ ਹੈ ਕਿ ਦਿਲੀਪ ਕੁਮਾਰ ਜਲਦ ਹੀ ਆਪਣੇ ਘਰ ਸੁਰੱਖਿਅਤ ਪਰਤ ਆਉਣਗੇ।
ਦੱਸ ਦੇਈਏ ਕਿ ਦਿਲੀਪ ਕੁਮਾਰ 98 ਸਾਲਾਂ ਦੇ ਹਨ ਤੇ ਇਸ ਸਾਲ ਕੋਰੋਨਾ ਸੰਕਟ ਕਾਰਨ, ਉਨ੍ਹਾਂ ਨੇ ਆਪਣਾ ਜਨਮਦਿਨ ਨਹੀਂ ਮਨਾਇਆ। ਸਾਲ 2020 ’ਚ ਉਹ ਕੋਰੋਨਾ ਵਾਇਰਸ ਕਾਰਨ ਆਪਣੇ ਦੋ ਭਰਾ ਗੁਆ ਬੈਠੇ ਹਨ। ਉਨ੍ਹਾਂ ਦੇ ਜਨਮਦਿਨ ਮੌਕੇ ਉਨ੍ਹਾਂ ਦੀ ਪਤਨੀ ਸਾਇਰਾ ਬਾਨੋ ਨੇ ਕਿਹਾ ਸੀ ਕਿ ਇਸ ਸਾਲ ਦਿਲੀਪ ਸਾਹਬ ਦੀ ਉਮਰ ਤਾਂ ਵਧੇਗੀ ਪਰ ਸ਼ੁਭਕਾਮਨਾਵਾਂ ਤੇ ਸ਼ੋਰ-ਸ਼ਰਾਬੇ ਤੋਂ ਉਹ ਦੂਰ ਹੀ ਰਹਿਣਗੇ।
ਜ਼ਿਕਰਯੋਗ ਹੈ ਕਿ ਦਿਲੀਪ ਕੁਮਾਰ ਦਾ ਜਨਮ 11 ਦਸੰਬਰ, 1922 ਨੂੰ ਪਾਕਿਸਤਾਨ ’ਚ ਹੋਇਆ ਸੀ ਤੇ ਉਨ੍ਹਾਂ ਦਾ ਪਹਿਲਾ ਨਾਮ ਯੂਸਫ਼ ਖ਼ਾਨ ਸੀ। ਬਾਅਦ ’ਚ ਉਨ੍ਹਾਂ ਨੂੰ ਦਿਲੀਪ ਕੁਮਾਰ ਦੇ ਨਾਂ ਨਾਲ ਪਰਦੇ ’ਤੇ ਪ੍ਰਸਿੱਧੀ ਮਿਲੀ। ਅਦਾਕਾਰ ਨੇ ਇਕ ਪ੍ਰੋਡਿਊਸਰ ਦੇ ਕਹਿਣ ’ਤੇ ਆਪਣਾ ਨਾਮ ਬਦਲ ਦਿੱਤਾ, ਜਿਸ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਨੂੰ ਸਕ੍ਰੀਨ ’ਤੇ ਦਿਲੀਪ ਕੁਮਾਰ ਦੇ ਨਾਮ ਨਾਲ ਜਾਣਨਾ ਸ਼ੁਰੂ ਕਰ ਦਿੱਤਾ।