ਚੰਡੀਗੜ੍ਹ : ਲੱਖਾ ਸਿਧਾਣਾ ਦੇ ਚਚੇਰੇ ਭਰਾ ਗੁਰਦੀਪ ਸਿਧਾਣਾ ਵੱਲੋਂ ਐਡਵੋਕੇਟ ਅਰਸ਼ਦੀਪ ਸਿੰਘ ਚੀਮਾ ਰਾਹੀਂ ਦਾਖ਼ਲ ਪਟੀਸ਼ਨ ’ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਦੇ ਡਿਪਟੀ ਕਮਿਸ਼ਨਰ ਆਫ ਪੁਲਿਸ (ਡੀਸੀਪੀ) ਸਮੇਤ ਹੋਰਨਾ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗ ਲਿਆ ਹੈ। ਗੁਰਦੀਪ ਨੇ ਕਿਹਾ ਹੈ ਕਿ ਉਸ ਨੇ ਅਰਬਨ ਅਸਟੇਟ ਥਾਣਾ ਪਟਿਆਲਾ ਦੇ ਐਸਐਚਓ ਨੂੰ ਬਿਆਨ ਦਿੱਤਾ ਸੀ, ਜਿਸ ’ਤੇ ਜਾਂਚ ਕਰਕੇ ਦਿੱਲੀ ਸਪੈਸ਼ਲ ਸੈਲ ਦੀ ਪੁਲਿਸ ਵਿਰੁੱਧ ਗੈਰ ਕਾਨੂੰਨੀ ਤੌਰ ’ਤੇ ਅਗਵਾ ਕਰਨ, ਹਿਰਾਸਤ ’ਚ ਰੱਖਣ ਤੇ ਤਸੀਹੇ ਦੇਣ ਦਾ ਮਾਮਲਾ ਦਰਜ ਕੀਤਾ ਜਾਵੇ। ਗੁਰਦੀਪ ਸਿਧਾਣਾ ਨੇ ਕਿਹਾ ਹੈ ਕਿ ਇਹ ਮਾਮਲਾ ਦਿੱਲੀ ਵਿਖੇ 26 ਜਨਵਰੀ ਨੂੰ ਹੋਈ ਘਟਨਾ ਨਾਲ ਜੁੜਿਆ ਹੋਇਆ ਹੈ ਤੇ ਕਿਸਾਨ ਅੰਦੋਲਨ ਨੂੰ ਦਬਾਉਣ ਲਈ ਦਿੱਲੀ ਪੁਲਿਸ ਕਿਸਾਨਾਂ ’ਤੇ ਜੁਲਮ ਢਾਹ ਰਹੀ ਹੈ। ਉਸ ਨੇ ਕਿਹਾ ਹੈ ਕਿ ਉਹ ਪੰਜਾਬੀ ਯੂਨੀਵਰਸਿਟੀ ਵਿਚ ਬੀਪੀਐਡ ਦਾ ਵਿਦਿਆਰਥੀ ਹੈ ਤੇ ਅੱਠ ਅਪ੍ਰੈਲ ਨੂੰ ਉਹ ਆਪਣੇ ਦੋਸਤ ਗੁਰਪ੍ਰੀਤ ਸਿੰਘ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਾ ਰਿਹਾ ਸੀ ਤੇ ਰਾਹ ਵਿਚ ਦੋਵਾਂ ਨੂੰ ਸਪੈਸ਼ਲ ਸੈਲ ਦਿੱਲੀ ਪੁਲਿਸ ਦੇ ਚਾਰ ਮੁਲਾਜਮਾਂ ਨੇ ਉਨ੍ਹਾਂ ਨੂੰ ਅਗਵਾ ਕਰ ਲਿਆ ਤੇ ਗੱਡੀ ਵਿਚ ਵੀ ਤਸੀਹੇ ਦਿੱਤੇ ਤੇ ਗਰਦਨ ’ਤੇ ਪਿਸਤੌਲ ਰੱਖ ਕੇ ਲੱਖਾ ਸਿਧਾਣਾ ਦੇ ਠਿਕਾਣੇ ਬਾਰੇ ਪੁੱਛਗਿੱਛ ਕੀਤੀ ਤੇ ਬਾਅਦ ਵਿਚ ਉਹ ਅੱਖਾਂ ’ਤੇ ਪੱਟੀਆਂ ਬੰਨ੍ਹ ਕੇ ਲੈ ਗਏ ਤੇ ਪੰਜ ਘੰਟਿਆਂ ਬਾਅਦ ਕੰਪਿਊਟਰਾਂ ਵਾਲੇ ਇੱਕ ਕਮਰੇ ਵਿਚ ਲਿਜਾਇਆ ਗਿਆ, ਜਿਹੜਾ ਕਿ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਦਾ ਕਮਰਾ ਹੀ ਸੀ ਤੇ ਉਥੇ ਇੱਕ ਉੱਚ ਅਫਸਰ ਵੀ ਮੌਜੂਦ ਸੀ, ਜਿਸ ਨੇ ਕਿਹਾ ਕਿ ਲੱਖਾ ਸਿਧਾਣਾ ਨੂੰ ਕਹਿ ਦਿੱਤਾ ਜਾਵੇ ਕਿ ਉਹ ਪੇਸ਼ ਹੋ ਜਾਵੇ ਨਹੀਂ ਤਾ ਉਸ ਦਾ ਝੂਠਾ ਪੁਲਿਸ ਮੁਕਾਬਲਾ ਬਣਾ ਦਿੱਤਾ ਜਾਵੇਗਾ। ਗੁਰਦੀਪ ਨੇ ਦੋਸ਼ ਲਗਾਇਆ ਕਿ ਸਪੈਸ਼ਲ ਸੈਲ ਦੇ ਕਮਰੇ ਵਿਚ ਉਸ ਨੂੰ ਬੁਰੀ ਤਰ੍ਹਾਂ ਤਸੀਹੇ ਦਿੱਤੇ ਗਏ ਤੇੇ ਇਹ ਵੀ ਕਿਹਾ ਗਿਆ ਕਿ ਪਿਸਤੌਲ ’ਤੇ ਉਂਗਲੀਆਂ ਦੇ ਨਿਸ਼ਾਨ ਲੈ ਲਏ ਗਏ ਹਨ ਤੇ ਜੇਕਰ ਇਸ ਅਗਵਾਕਰਨ ਬਾਰੇ ਕਿਸੇ ਨੂੰ ਦੱਸਿਆ ਤਾਂ ਝੂਠੇ ਪੁਲਿਸ ਮਾਮਲੇ ਵਿਚ ਫਸਾ ਦਿੱਤਾ ਜਾਵੇਗਾ। ਸਪੈਸ਼ਲ ਸੈਲ ’ਤੇ ਕੋਰੇ ਕਾਗਜ ਅਤੇ ਅੰਗਰੇਜੀ ਦੀ ਲਿਖਤ ’ਤੇ ਹਸਤਾਖਰ ਕਰਵਾਉਣ ਦਾ ਦੋਸ਼ ਵੀ ਗੁਰਦੀਪ ਨੇ ਲਗਾਇਆ ਤੇ ਹਾਈਕੋਰਟ ਦੇ ਧਿਆਨ ਵਿਚ ਲਿਆਂਦਾ ਕਿ ਬਾਅਦ ਵਿਚ ਉਨ੍ਹਾਂ ਨੂੰ ਗੱਡੀ ਵਿਚ ਪਾ ਕੇ ਅੰਬਾਲਾ ਬੱਸ ਅੱਡੇ ਤੋਂ ਪਟਿਆਲਾ ਦੀ ਬੱਸ ਚੜ੍ਹਾ ਦਿੱਤੀ ਗਈ, ਜਿਥੋਂ ਉਹ ਆਪਣੇ ਘਰ ਬਠਿੰਡਾ ਗਿਆ ਤੇ ਰਾਤ ਵੇਲੇ ਡਾਕਟਰੀ ਜਾਂਚ ਕਰਵਾਈ ਤੇ ਬਾਅਦ ਵਿਚ ਪਟਿਆਲਾ ਥਾਣੇ ਵਿਚ ਆ ਕੇ ਦਿੱਲੀ ਪੁਲਿਸ ਵੱਲੋਂ ਅਗਵਾ ਕਰਨ ਤੇ ਤਸੀਹੇ ਦੇਣ ਆਦਿ ਦੀ ਸ਼ਿਕਾਇਤ ਦਿੱਤੀ। ਇਹ ਵੀ ਹਾਈਕੋਰਟ ਦੇ ਧਿਆਨ ਵਿਚ ਲਿਆਂਦਾ ਕਿ ਜਿਨ੍ਹਾਂ ਚਾਰ ਮੁਲਾਜਮਾਂ ਨੇ ਪਟੀਸ਼ਨਰਾਂ ਨੂੰ ਅਗਵਾ ਕੀਤਾ, ਉਨ੍ਹਾਂ ਵਿਚੋਂ ਤਿੰਨ ਪੁਲਿਸ ਮੁਲਾਜਮ ਸਪੈਸ਼ਲ ਸੈਲ ਦੇ ਉਹ ਮੁਲਾਜਮ ਹਨ, ਜਿਨ੍ਹਾਂ ਨੇ ਦੀਪ ਸਿੱਧੂ ਨੂੰ ਗਿਰਫਤਾਰ ਕੀਤਾ ਸੀ ਤੇ ਅਗਵਾ ਕਰਨ ਵਾਲਿਆਂ ਵਿਚੋਂ ਦੋ ਆਪਸ ਵਿਚ ਇੱਕ ਦੂਜੇ ਨੂੰ ਸੰਦੀਪ ਅਤੇ ਚੇਤਨ ਕਹਿ ਕੇ ਬੁਲਾ ਰਹੇ ਸਨ। ਗੁਰਦੀਪ ਨੇ ਮੰਗ ਕੀਤੀ ਹੈ ਕਿ ਪਟਿਆਲਾ ਦੇ ਐਸਐਸਪੀ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਅਰਬਨ ਅਸਟੇਟ ਥਾਣੇ ਵਿਚ ਦਿੱਤੇ ਬਿਆਨ ’ਤੇ ਮਾਮਲਾ ਦਰਜ ਕਰਕੇ ਜਾਂਚ ਕਰਨ। ਹਾਈਕੋਰਟ ਨੇ ਨੋਟਿਸ ਜਾਰੀ ਕਰਕੇ ਜਵਾਬ ਮੰਗ ਲਿਆ ਹੈ।