ਇੰਦੌਰ : ਨਵੀਂ ਵਹੁਟੀ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ ਵਾਲੇ ਵਿਵਾਦਤ ਬਿਆਨ 'ਤੇ ਸਾਬਕਾ ਕ੍ਰਿਕਟਰ ਅਤੇ ਪੰਜਾਬ ਦੇ ਸਾਂਸਦ ਨਵਜੋਤ ਸਿੰਘ ਸਿੱਧੂ ਨੂੰ ਜ਼ਿਲ੍ਹਾ ਚੋਣ ਦਫ਼ਤਰ ਵਲੋਂ ਕਲੀਨ ਚਿੱਟ ਦਿਤੀ ਗਈ ਹੈ।
ਜ਼ਿਲ੍ਹਾ ਚੋਣ ਅਧਿਕਾਰੀ ਅਲੋਕ ਕੁਮਾਰ ਜਾਟਵ ਨੇ ਦਸਿਆ, ''ਅਸੀਂ ਸਿੱਧੂ ਦੇ ਸਬੰਧਤ ਬਿਆਨ ਦੀ ਜਾਂਚ ਕੀਤੀ। ਜਾਂਚ ਮਗਰੋਂ ਅਸੀਂ ਇਸ ਨਤੀਜੇ 'ਤੇ ਪਹੁੰਚੇ ਹਾਂ ਕਿ ਇਸ ਕਥਨ ਨਾਲ ਚੋਣ ਜ਼ਾਬਤੇ ਦਾ ਉਲੰਘਣ ਨਹੀਂ ਹੁੰਦਾ ਹੈ। '' ਉਨ੍ਹਾਂ ਦਸਿਆ ਕਿ ਸਿੱਧੂ ਦੇ ਬਿਆਨ ਸਬੰਧੀ ਜ਼ਿਲ੍ਹਾ ਚੋਣ ਦਫ਼ਤਰ ਵਲੋਂ ਚੋਣ ਕਮਿਸ਼ਨ ਨੂੰ ਰਿਪੋਰਟ ਭੇਜ ਦਿਤੀ ਗਈ ਹੈ। ਚੋਣ ਪ੍ਰਚਾਰ ਲਈ ਆਏ ਸਿੱਧੂ ਨੇ ਇੰਦੌਰ ਵਿਚ 11 ਮਈ ਨੂੰ ਪੱਤਰਕਾਰ ਮਿਲਣੀ ਦੌਰਾਨ ਕਿਹਾ ਸੀ, ''ਮੋਦੀ ਉਸ ਵਹੁਟੀ ਦੀ ਤਰ੍ਹਾਂ ਹਨ, ਜੋ ਰੋਟੀਆਂ ਘੱਟ ਵੇਲਦੀ ਹੈ ਅਤੇ ਚੂੜੀਆਂ ਜ਼ਿਆਦਾ ਛਣਕਾਉਂਦੀ ਹੈ ਤਾਕਿ ਮੁਹੱਲੇ ਵਾਲਿਆਂ ਨੂੰ ਪਤਾ ਲੱਗੇ ਕਿ ਉਹ ਕੰਮ ਕਰ ਰਹੀ ਹੈ। ਇਹ ਮੈਂ ਅੱਠਵੀਂ ਵਾਰ ਪੁੱਛ ਰਿਹਾ ਹਾਂ ਕਿ ਮੋਦੀ (ਪ੍ਰਧਾਨ ਮੰਤਰੀ ਦੇ ਰੂਪ ਵਿਚ) ਮੈਨੂੰ ਬਸ ਅਪਣੀ ਇਕ ਉਪਲੱਬਧੀ ਦਸ ਦੇਣ।''
ਸਿੱਧੂ ਦੇ ਉਕਤ ਬਿਆਨ 'ਤੇ ਇਤਰਾਜ਼ ਜਤਾਉਂਦਿਆਂ ਭਾਜਪਾ ਨੇ ਇਸ ਨੂੰ ਚੋਣ ਜਾਬਤੇ ਦਾ ਉਲੰਘਨ ਕਰਾਰ ਦਿਤਾ ਸੀ। ਇਸ ਸਿਲਸਲੇ ਵਿਚ ਕਾਂਗਰਸ ਦੇ ਸਟਾਰ ਪ੍ਰਚਾਰਕ ਵਿਰੁਧ ਚੋਣ ਕਮਿਸ਼ਨ ਨੂੰ ਸ਼ਿਕਾਇਤ ਵੀ ਕੀਤੀ ਗਈ ਸੀ। ਇਸ ਦੌਰਾਨ ਭਾਜਪਾ ਦੀ ਮੱਧ ਪ੍ਰਦੇਸ਼ ਇਕਾਈ ਦੇ ਬੁਲਾਰੇ ਉਮੇਸ਼ ਸ਼ਰਮਾ ਨੇ ਜ਼ਿਲ੍ਹਾ ਚੋਣ ਦਫ਼ਤਰ ਵਲੋਂ ਸਿੱਧੂ ਨੂੰ ਕਲੀਨ ਚਿੱਟ ਦਿਤੇ ਜਾਣ 'ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ, ''ਪ੍ਰਧਾਨ ਮੰਤਰੀ ਵਿਰੁਧ ਇਤਰਾਜ਼ਯੋਗ ਟਿੱਪਣੀ ਦੇ ਬਾਵਜੂਦ ਜ਼ਿਲ੍ਹਾ ਚੋਣ ਦਫ਼ਤਰ ਵਲੋਂ ਸਿੱਧੂ ਨੂੰ ਕਲੀਨ ਚਿੱਟ ਦਿਤੀ ਜਾਣਾ ਪੱਖਪਾਤ ਹੈ।''
ਉਨ੍ਹਾਂ ਕਿਹਾ, ''ਚੋਣ ਪ੍ਰਚਾਰ ਦੌਰਾਨ ਸਿੱਧੂ ਕਈ ਵਾਰ ਸ਼ਬਦਾਂ ਦੀ ਮਰਯਾਦਾ ਪਾਰ ਕਰ ਚੁੱਕੇ ਹਨ ਅਤੇ ਪ੍ਰਧਾਨ ਮੰਤਰੀ ਦੇ ਵਿਅਕਤੀਗਤ ਹਮਲੇ ਕਰ ਚੁੱਕੇ ਹਨ। ਇਸ 'ਤੇ ਉਨ੍ਹਾਂ ਨੂੰ ਚੋਣ ਕਮਿਸ਼ਨ ਦੇ ਨੋਟਿਸ ਵੀ ਮਿਲ ਚੁੱਕੇ ਹਨ। ਉਨ੍ਹਾਂ 'ਤੇ ਤੁਰਤ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।''