ਆਕਲੈਂਡ : ਹੁਣ ਸਿੱਖ ਭਾਈਚਾਰੇ ਨੂੰ ਨਿਊਜ਼ੀਲੈਂਡ ਵਿਚ 1 ਮਈ 2021 ਤੋਂ ਬਿਨਾਂ ਹੈਲਮਟ ਸਾਈਕਲ ਚਲਾਉਣ ਲਈ ਟਰਾਂਸਪੋਰਟ ਵਿਭਾਗ ਤੋਂ ਅਗਾਊਂ ਆਗਿਆ ਨਹੀਂ ਲੈਣੀ ਪਿਆ ਕਰੇਗੀ। ਇਸ ਤੋਂ ਪਹਿਲਾਂ ਇਹ ਸਹੂਲਤ ਮੋਟਰਸਾਈਕਲ ਚਲਾਉਣ ਵੇਲੇ ਹੀ ਸੀ। ਸਾਈਕਲ ਵਾਲੀ ਚਿੱਠੀ ਵੀ ਆਪਣੇ ਕੋਲ ਵੀ ਰੱਖਣੀ ਹੁੰਦੀ ਸੀ। ‘ਸਿੱਖ ਅਵੇਅਰ’ ਨੇ ਲੇਬਰ ਪਾਰਟੀ ਦੀ ਸਰਗਰਮ ਮੈਂਬਰ ਬਲਜੀਤ ਕੌਰ ਦੀ ਸਹਾਇਤਾ ਦੇ ਨਾਲ ਇਹ ਮਾਮਲਾ ਸਰਕਾਰ ਦੇ ਧਿਆਨ ਵਿਚ ਲਿਆਉਂਦਾ ਸੀ।
ਜਾਣਕਾਰੀ ਮੁਤਾਬਕ ‘ਸਿੱਖ ਅਵੇਅਰ’ 2018 ਤੋਂ ਇਸ ਮਾਮਲੇ ਦੀ ਪੈਰਵਾਈ ਕਰ ਰਿਹਾ ਸੀ ਕਿ ਮੋਟਰ ਸਾਈਕਲ ਵਾਲੇ ਨਿਯਮ ਸਾਈਕਲ ਚਲਾਉਣ ਉਤੇ ਵੀ ਲਾਗੂ ਕੀਤੇ ਜਾਣ ਦੀ ਮੰਗ ਕਰ ਰਿਹਾ ਸੀ। ਇਥੇ ਦਸਣਯੋਗ ਹੈ ਕਿ 1 ਜਨਵਰੀ 1994 ਤੋਂ ਇਥੇ ਸਾਈਕਲ ਚਲਾਉਣ ਲਈ ਹੈਲਮਟ ਪਹਿਨਣਾ ਜਰੂਰੀ ਕੀਤਾ ਗਿਆ ਸੀ। ਹੈਲਮਟ ਨਾ ਪਹਿਨਣ ’ਤੇ 55 ਡਾਲਰ ਜ਼ੁਰਮਾਨਾ ਜਾਂ ਫਿਰ ਅਦਾਲਤੀ ਚੱਕਰਾਂ ਵਿਚ 500 ਡਾਲਰ ਤੱਕ ਜ਼ੁਰਮਾਨਾ ਹੋ ਜਾਂਦਾ ਹੈ। ਸਾਈਕਲ ਦੇ ਪਿੱਛੇ ਬੈਠਣ ਵਾਲੇ ਵਾਸਤੇ ਵੀ ਹੈਲਮਟ ਜਰੂਰੀ ਹੁੰਦਾ ਹੈ।