ਵਾਸ਼ਿੰਗਟਨ : ਮੌਸਮੀ ਤਬਲੀਦੀ ਦੇ ਮੁੱਦੇ ਉੱਤੇ ਕੰਮ ਕਰਨ ਦੀ ਆਪਣੀ ਵਚਨਬੱਧਤਾ ਨੂੰ ਅਮਲੀ ਰੂਪ ਦਿੰਦਿਆਂ ਅਮੈਰਿਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ 2030 ਤੱਕ ਮੁਲਕ ਦੀਆਂ ਗਰੀਨ ਹਾਊਸ ਗੈਸਾਂ ਦੀ ਪੈਦਾਵਾਰ ਅੱਧੀ ਕਰਨ ਦਾ ਐਲਾਨ ਕੀਤਾ ਹੈ। ਰਾਸ਼ਟਰਪਤੀ ਨੇ ਮੌਸਮੀ ਤਬਦੀਲੀ ਬਾਰੇ ਦੁਨੀਆਂ ਦੇ 40 ਆਗੂਆਂ ਦੇ ਸਿਖ਼ਰ ਸੰਮੇਲਨ ਦੌਰਾਨ ਅਮੈਰਿਕਾ ਵੱਲੋਂ ਇਹ ਐਲਾਨ ਕੀਤਾ। ਇਸ ਸਿਖ਼ਰ ਸੰਮੇਲਨ ਦਾ ਮੁੱਖ ਉਦੇਸ਼ ਰਾਸ਼ਟਰਪਤੀ ਟਰੰਪ ਵੱਲੋਂ ਦੇਸ਼ ਨੂੰ ਪੈਰਿਸ ਸਮਝੌਤੇ ਤੋਂ ਬਾਹਰ ਕੱਢਣ ਤੋਂ ਬਾਅਦ ਇਸ ਖੇਤਰ ਵਿੱਚ ਅਮੈਰਿਕਾ ਨੂੰ ਗਲੋਬਲ ਲੀਡਰਸ਼ਿਪ ਵਿੱਚ ਲੈ ਕੇ ਆਉਣਾ ਹੈ। ਕੈਨੇਡਾ ਦੇ ਪ੍ਰਾਇਮ ਮਨਿਸਟਰ ਜਸਟਿਨ ਟਰੂਡੋ ਨੇ ਸਾਲ 2030 ਤੱਕ ਗ੍ਰੀਨ ਹਾਊਸ ਗੈਸ ਐਮਿਸ਼ਨ ਸਾਲ 2005 ਦੇ ਪੱਧਰ ਤੋਂ 40 ਤੋਂ 45% ਹੇਠਾਂ ਲੈ ਜਾਣ ਦਾ ਟੀਚਾ ਰੱਖਿਆ ਹੈ।
ਕੈਨੇਡਾ ਦਾ ਪਿਛਲੇ ਸਾਲ ਦਸੰਬਰ ਵਿੱਚ ਇਹ ਟੀਚਾ 30% ਸੀ, ਇਸੇ ਹਫ਼ਤੇ ਬਜਟ ਵਿੱਚ ਇਹੀ ਟੀਚਾ 36% ਕਰ ਦਿੱਤਾ ਗਿਆ ਸੀ ਤੇ ਪੰਜ ਦਿਨਾਂ ਬਾਦ ਇਹ ਟੀਚਾ 40 ਤੋਂ 45% ਕਰ ਦਿੱਤਾ ਗਿਆ ਹੈ। ਐਲਬਰਟਾ ਸਰਕਾਰ ਨੇ ਪ੍ਰਾਇਮ ਮਨਿਸਟਰ ਦੇ ਇਸ ਟੀਚਾ ਤਬਦੀਲੀ ਨੂੰ ਹਾਸੋ-ਹੀਣਾ ਦੱਸਦਿਆਂ ਕਿਹਾ ਕਿ ਸੂਬੇ ਨਾਲ ਕੋਈ ਸਲਾਹ ਕੀਤੇ ਬਿਨਾ ਇਕ ਤਰਫਾ ਐਲਾਨ ਕਿਹਾ ਹੈ। ਸੂਬੇ ਦੇ ਐਨਵਾਇਰਨਮੈਂਟ ਮਨਿਸਟਰ ਜੇਸਨ ਨਿਕਸਨ ਦਾ ਕਹਿਣਾ ਹੈ ਕਿ ਨਵਾਂ ਟੀਚਾ ਹਾਸਲ ਕਰਨ ਲਈ ਸੂਬੇ ਦੀਆਂ ਕਿੰਨੀਆਂ ਇੰਡਸਟਰੀਜ਼ ਨੂੰ ਕੱਢਣਾ ਪਵੇਗਾ, ਇਸ ਦਾ ਖੁਲਾਸਾ ਵੀ ਪ੍ਰਾਇਮ ਮਨਿਸਟਰ ਨੂੰ ਕਰ ਦੇਣਾ ਚਾਹੀਦਾ ਸੀ। ਇਹ ਟੀਚਾ ਹਾਸਲ ਕਿਵੇਂ ਹੋਵੇਗਾ, ਇਸ ਦਾ ਖੁਲਾਸਾ ਪ੍ਰਾਇਮ ਮਨਿਸਟਰ ਨੇ ਨਹੀਂ ਕੀਤਾ ਹੈ