ਨਵੀਂ ਦਿੱਲੀ : ਪੰਜ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਨੇ ਪੰਜਾਬ ਖ਼ਿਲਾਫ਼ ਆਈਪੀਐੱਲ ਦੇ ਮੁਕਾਬਲੇ ਵਿਚ ਬਹੁਤ ਹੌਲੀ ਸ਼ੁਰੂਆਤ ਕੀਤੀ ਤੇ ਛੇ ਓਵਰਾਂ ਦੇ ਪਾਵਰਪਲੇਅ ਵਿਚ ਇਕ ਵਿਕਟ ਦੇ ਨੁਕਸਾਨ 'ਤੇ ਸਿਰਫ਼ 21 ਦੌੜਾਂ ਬਣਾਈਆਂ। ਇਸ ਕਾਰਨ ਟੀਮ ਤੈਅ 20 ਓਵਰਾਂ 'ਚ ਛੇ ਵਿਕਟਾਂ 'ਤੇ 131 ਦੌੜਾਂ ਦਾ ਸਕੋਰ ਹੀ ਬਣਾ ਸਕੀ। ਜਵਾਬ ਵਿਚ ਪੰਜਾਬ ਨੇ ਕਪਤਾਨ ਲੋਕੇਸ਼ ਰਾਹੁਲ (ਅਜੇਤੂ 60) ਤੇ ਕ੍ਰਿਸ ਗੇਲ (ਅਜੇਤੂ 43) ਦੇ ਦਮ 'ਤੇ ਸਿਰਫ਼ ਇਕ ਵਿਕਟ ਦੇ ਨੁਕਸਾਨ 'ਤੇ 17.4 ਓਵਰਾਂ ਵਿਚ 132 ਦੌੜਾਂ ਬਣਾ ਕੇ ਨੌਂ ਵਿਕਟਾਂ ਨਾਲ ਸੌਖੀ ਜਿੱਤ ਦਰਜ ਕੀਤੀ।
ਇਸ ਮੈਚ 'ਚ ਪੰਜਾਬ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਜੋ ਸਹੀ ਸਾਬਤ ਹੋਇਆ। ਪੰਜਾਬ ਦੇ ਕਪਤਾਨ ਕੇਐੱਲ ਰਾਹੁਲ ਨੇ ਇਕ ਅਜੀਬ ਫ਼ੈਸਲਾ ਕਰਦੇ ਹੋਏ ਦੂਜਾ ਓਵਰ ਹੀ ਪਾਰਟ ਟਾਈਮ ਗੇਂਦਬਾਜ਼ ਦੀਪਕ ਹੁੱਡਾ ਨੂੰ ਦੇ ਦਿੱਤਾ। ਕਮਾਲ ਇਹ ਕਿ ਸੱਜੇ ਹੱਥ ਨਾਲ ਆਫ ਬ੍ਰੇਕ ਕਰਨ ਵਾਲੇ ਦੀਪਕ ਨੇ ਆਪਣੇ ਪਹਿਲੇ ਤੇ ਪਾਰੀ ਦੇ ਦੂਜੇ ਓਵਰ ਦੀ ਆਖ਼ਰੀ ਗੇਂਦ 'ਤੇ ਓਪਨਰ ਕਵਿੰਟਨ ਡਿਕਾਕ ਨੂੰ ਮਿਡ ਆਨ ਕੋਲ ਹੈਨਰਿਕਸ ਹੱਥੋਂ ਕੈਚ ਆਊਟ ਕਰਵਾ ਦਿੱਤਾ। ਇਸ ਤੋਂ ਬਾਅਦ ਤੋਂ ਮੁੰਬਈ ਇੰਡੀਅਨਜ਼ ਦੀ ਲੈਅ ਅਜਿਹੀ ਵਿਗੜੀ ਕਿ ਉਸ ਕੋਲੋਂ ਤੇਜ਼ੀ ਨਾਲ ਦੌੜਾਂ ਨਹੀਂ ਬਣ ਸਕੀਆਂ। ਪੰਜਾਬ ਦੇ ਗੇਂਦਬਾਜ਼ ਪੂਰੀ ਤਰ੍ਹਾਂ ਹਾਵੀ ਰਹੇ। ਇਹ ਇਸ ਸਾਲ ਦਾ ਕਿਸੇ ਵੀ ਟੀਮ ਦਾ ਪਾਵਰਪਲੇਅ ਵਿਚ ਸਭ ਤੋਂ ਘੱਟ ਸਕੋਰ ਰਿਹਾ।