ਕੈਪ ਕੇਨੇਵਰਲ, (ਏਜੰਸੀਆਂ) : ਨਾਸਾ ਅਤੇ ਐਲਨ ਮਸਕ ਦੀ ਰਾਕਟ ਕੰਪਨੀ ਸਪੇਸ ਐਕਸ ਨੇ ਚਾਰ ਨਵੇਂ ਪੁਲਾੜ ਯਾਤਰੀਆਂ ਨੂੰ ਸ਼ੁੱਕਰਵਾਰ ਨੂੰ ਇੰਟਰਨੈਸ਼ਨਲ ਸਪੇਸ ਸੈਂਟਰ ਲਈ ਭੇਜਿਆ ਹੈ। ਸਪੇਸ ਸੈਂਟਰ 'ਤੇ ਅਮਲਾ-1 ਦੇ ਮੈਂਬਰ ਪਹਿਲਾਂ ਤੋਂ ਕੰਮ ਕਰ ਰਹੇ ਹਨ। ਅਮਲਾ-2 ਦੇ ਚਾਰ ਮੈਂਬਰਾਂ ਦੇ ਜਾਣ ਤੋਂ ਬਾਅਦ ਛੇ ਮਹੀਨੇ ਤੋਂ ਪੁਲਾੜ ਸਟੇਸ਼ਨ 'ਚ ਰਹਿਣ ਵਾਲਾ ਯਾਤਰੀ 28 ਅਪ੍ਰੈਲ ਨੂੰ ਵਾਪਸ ਆ ਜਾਣਗੇ। ਸਪੇਸ ਸਟੇਸ਼ਨ 'ਤੇ ਜਾਣ ਵਾਲੇ ਚਾਰ ਜਣੇ ਅਗਲੇ ਛੇ ਮਹੀਨੇ ਤਕ ਵਿਗਿਆਨਿਕ ਪ੍ਰੀਖਣ ਕਰਨਗੇ। ਇਨ੍ਹਾਂ ਪੁਲਾੜ ਯਾਤਰੀਆਂ 'ਚ ਮਹਿਲਾ ਪਾਇਲਟ ਮੇਗਨ ਮੈਕਆਰਥਰ ਵੀ ਹੈ।
ਇਸ ਤੋਂ ਪਹਿਲਾਂ ਉਨ੍ਹਾਂ ਦੇ ਪਤੀ ਬੌਬ ਬਹੇਨਕੇਨ ਪਿਛਲੇ ਸਾਲ ਸਪੇਸ ਐਕਸ ਤੋਂ ਹੀ ਪੁਲਾੜ 'ਚ ਗਏ ਸਨ। ਇਸ ਵਾਰ ਦੋ ਅਮਰੀਕਨ, ਇਕ ਜਾਪਾਨੀ ਅਤੇ ਇਕ ਫਰਾਂਸੀਸੀ ਪੁਲਾੜ ਯਾਤਰੀ ਹਨ। ਇਨ੍ਹਾਂ ਚਾਰਾਂ ਪੁਲਾੜ ਯਾਤਰੀਆਂ ਦਾ ਸਪੇਸ ਸੈਂਟਰ 'ਚ ਪਹਿਲਾਂ ਤੋਂ ਕੰਮ ਕਰਨ ਵਾਲੇ ਤਿੰਨ ਨਾਸਾ, ਇਕ ਜਾਪਾਨ ਅਤੇ ਦੋ ਰੂਸ ਦੇ ਯਾਤਰੀ ਸਵਾਗਤ ਕਰਨਗੇ। ਇਨ੍ਹਾਂ ਦੇ ਪਹੁੰਚਣ ਤੋਂ ਬਾਅਦ ਪੁਲਾੜ ਯਾਤਰੀਆਂ ਦੀ ਗਿਣਤੀ 11 ਹੋ ਜਾਵੇਗੀ।
ਸਪੇਸ ਸੈਂਟਰ 'ਚ ਪਹੁੰਚਣ ਲਈ ਉਨ੍ਹਾਂ ਨੂੰ ਲਗਪਗ 23 ਤੋਂ ਵੀ ਵੱਧ ਘੰਟੇ ਲੱਗਣਗੇ। ਪਹਿਲਾਂ ਇਹ ਚਾਰੇ ਯਾਤਰੀ ਵੀਰਵਾਰ ਨੂੰ ਭੇਜੇ ਜਾਣੇ ਸਨ ਪਰ ਖ਼ਰਾਬ ਮੌਸਮ ਕਾਰਨ ਮਿਸ਼ਨ ਨੂੰ ਇਕ ਦਿਨ ਲਈ ਟਾਲ਼ ਦਿੱਤਾ ਗਿਆ ਸੀ। ਇਹ ਪਹਿਲਾ ਮੌਕਾ ਹੈ ਜਦੋਂ ਸਪੇਸ ਐਕਸ ਨੇ ਕੈਪਸੂਲ ਅਤੇ ਰਾਕਟ ਦੋਵਾਂ ਨੂੰ ਦੁਬਾਰਾ ਇਸਤੇਮਾਲ ਕੀਤਾ ਹੈ। ਇਸ ਕੈਪਸੂਲ ਨੂੰ ਸਪੇਸ ਐਕਸ ਨੇ ਨਵੰਬਰ 'ਚ ਦੂਸਰੀ ਪੁਲਾੜ ਯਾਤਰਾ 'ਚ ਵਰਤਿਆ ਸੀ।