ਟਰਾਟੋਂ :: ਕੈਨੇਡਾ ਨੇ ਭਾਰਤ ਅਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਫਲਾਈਟਾਂ ਤੇ ਵੀਰਵਾਰ ਰਾਤ 11.30 ਵਜੇ ਤੋਂ ਰੋਕ ਲਗਾ ਦਿੱਤੀ ਹੈ ਜੋ ਕਿ ਅਗਲੇ 30 ਦਿਨਾਂ ਤੱਕ ਜਾਰੀ ਰਹੇਗੀ। ਵੀਰਵਾਰ ਸ਼ਾਮ ਨੂੰ ਹੋਈ ਪ੍ਰੈਸ ਕਾਨਫ੍ਰੰਸ ਵਿੱਚ ਇਸ ਗੱਲ ਦੀ ਜਾਣਕਾਰੀ ਦਿੰਦਿਆਂ ਮਨਿਸਟਰ ਆਫ ਹੈਲਥ, ਇੰਮੀਗ੍ਰੇਸ਼ਨ, ਟਰਾਂਸਪੋਰਟ , ਪਬਲਿਕ ਸੇਫਟੀ ਅਤੇ ਇੰਟਰਗੌਰਮੈਂਟ ਅਫੇਅਰਸ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਭਾਰਤ ਅਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਸਾਰੀਆਂ ਹੀ ਕਮਰਸ਼ੀਅਲ ਅਤੇ ਪ੍ਰਾਈਵੇਟ ਫਲਾਈਟਾਂ ‘ਤੇ ਅਗਲੇ 30 ਦਿਨਾਂ ਲਈ ਬੈਨ ਲਗਾਇਆ ਜਾ ਰਿਹਾ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਟਰਾਂਸਪੋਰਟ ਮੰਤਰੀ ਓਮਰ ਐਲਗਬਰਾ ਨੇ ਕਿਹਾ ਕਿ ਕੈਨੇਡਾ ਪਹੁੰਚਣ ਵਾਲੇ ਯਾਤਰੀਆਂ ਚੋਂ ਇਹਨਾਂ ਦੋਹਾਂ ਦੇਸ਼ਾਂ ਤੋਂ ਵਧੇਰੇ ਯਾਤਰੀ ਕਰੋਨਾ ਪੌਜ਼ੀਟਿਵ ਪਾਏ ਜਾ ਰਹੇ ਨੇ। ਜਿਸਤੋਂ ਬਾਅਦ ਕੈਨੇਡਾ ਦੀ ਫੈਡਰਲ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਉਹਨਾਂ ਨੇ ਕਿਹਾ ਕਿ ਟਰਾਂਸਪੋਰਟ ਕੈਨੇਡਾ ਏਅਰਮੈਨ ਜਾਂ ‘ਨੋਟਮ’ ਨੂੰ ਇਹ ਸੰਦੇਸ਼ ਦੇਣ ਜਾ ਰਿਹਾ ਹੈ ਕਿ ਇਹਨਾਂ ਦੋਹਾਂ ਦੇਸ਼ਾਂ ਤੋਂ ਸਿੱਧੀਆਂ ਫਲਾਈਟਾਂ ‘ਤੇ ਰੋਕ ਲਗਾਈ ਜਾਏ। ਇਸਤੋਂ ਇਲਾਵਾ ਜਿਹੜੇ ਯਾਤਰੀ ਇਹਨਾਂ ਦੋਹਾਂ ਦੇਸ਼ਾਂ ਤੋਂ ਸਿੱਧੀਆਂ (ਡਾਈਰੈਕਟ) ਫਲਾਈਟ ਦੀ ਬਜਾਏ ‘ਕਨੈਕਟਿੰਗ’ ਫਲਾਈਟ ਰਾਹੀਂ ਆਉਣਗੇ ਉਹਨਾਂ ਲਈ ਆਪਣੇ ਆਖਰੀ ‘ਡਿਪਾਰਚਰ ਪੁਆਇੰਟ’ ਤੋਂ ਆਪਣਾ ਨੈਗੇਟਿਵ ਪੀਸੀਆਰ ਟੈਸਟ ਨਾਲ ਲਿਆਉਣਾ ਲਾਜ਼ਮੀ ਹੋਵੇਗਾ। ਇਸਤੋਂ ਬਾਅਦ ਜਦੋਂ ਉਹ ਕੈਨੇਡਾ ਵਿੱਚ ਦਾਖਲ ਹੁੰਦੇ ਹਨ ਤਾਂ ਉਹਨਾਂ ਨੂੰ ਸਰਕਾਰ ਵੱਲੋਂ ਲਾਗੂ ਕੀਤੇ ਗਏ ਸਾਰੇ ਪ੍ਰੋਟੋਕਾਲ ਦਾ ਪਾਲਣ ਕਰਨਾ ਪਏਗਾ। ਜਿਸ ਵਿੱਚ ਇੱਥੇ ਪਹੁੰਚਣ ਤੇ ਕਰੋਨਾ ਟੈਸਟ ਕਰਵਾਉਣਾ ਤੇ ਰਿਪੋਰਟ ਆਉਣ ਤੱਕ ਸਰਕਾਰ ਵੱਲੋਂ ਕੁਆਰੰਟੀਨ ਲਈ ਮਾਨਤਾ ਪ੍ਰਾਪਤ ਹੋਟਲਾਂ ਵਿੱਚ ਕੁਆਰੰਟੀਨ ਕਰਨਾ ਵੀ ਸ਼ਾਮਲ ਹੈ।
ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਉਹ ਬਾਕੀ ਦੇਸ਼ਾਂ ਤੋਂ ਆਉਣ ਵਾਲੀਆਂ ਫਲਾਈਟਾਂ ਤੇ ਬੈਨ ਲਾਉਣ ਤੋਂ ਵੀ ਪਰਹੇਜ਼ ਨਹੀਂ ਕਰਨਗੇ। ਨਾਲ ਹੀ ਉਹਨਾਂ ਨੇ ਕੈਨੇਡੀਅਨਾਂ ਨੂੰ ਵੀ ਝੂਠੀਆਂ ਅਫਵਾਹਾਂ ਤੋਂ ਦੂਰ ਰਹਿਣ ਲਈ ਸਲਾਹ ਦਿੱਤੀ। ਉਹਨਾਂ ਨੇ ਕਿਹਾ ਕਿ ਨਾ ਤਾਂ ਇਹ ਚਾਈਨੀਜ਼ ਵਾਇਰਸ ਹੈ ਤੇ ਨਾਲ ਹੀ ਭਾਰਤੀ ਵਾਇਰਸ ਹੈ। ਬਲਕਿ ਸਾਨੂੰ ਸਭ ਨੂੰ ਇਕ ਵੇਲੇ ਮਿਲ ਕੇ ਹਾਲਾਤਾਂ ਦਾ ਸਾਹਮਣਾ ਕਰਨਾ ਚਾਹੀਦਾ ਹੈ ।