ਪਹਿਲਾਂ ਆਈ.ਪੀ.ਐਲ. ਦੀ ਮੇਜ਼ਬਾਨੀ ਤੋਂ ਵੀ ਪੀ.ਸੀ.ਏ ਨੂੰ ਵਾਂਝਾ ਕਰ ਦਿਤਾ ਸੀ
ਚੰਡੀਗੜ੍ਹ (ਏਜੰਸੀ): ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇਕ ਵਾਰ ਫਿਰ ਪੀਸੀਏ ਮੋਹਾਲੀ ਦੀ ਅਣਦੇਖੀ ਕੀਤੀ ਹੈ। ਆਈਪੀਐਲ ਸੀਜ਼ਨ 14 ਵਾਂਗ ਬੀਸੀਸੀਆਈ ਨੇ ਟੀ-20 ਵਿਸ਼ਵ ਕੱਪ ਦੀ ਵੈਨਿਊ ਲਿਸਟ ਵਿਚ ਵੀ ਮੋਹਾਲੀ ਨੂੰ ਸ਼ਾਮਲ ਨਹੀਂ ਕੀਤਾ ਗਿਆ।
ਇਹ ਟੂਰਨਾਮੈਂਟ ਇਸ ਸਾਲ ਅਕਤੂਬਰ ਨਵੰਬਰ ਵਿਚ ਹੋਵੇਗਾ। ਟੀ-20 ਵਿਸ਼ਵ ਕੱਪ ਦਾ ਫ਼ਾਈਨਲ ਮੁਕਾਬਲਾ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਖੇਡਿਆ ਜਾਵੇਗਾ। ਉਥੇ ਹੋਰ ਮੈਚ ਦਿੱਲੀ, ਮੁੰਬਈ, ਚੇਨਈ, ਕੋਲਕਾਤਾ, ਬੈਂਗਲੁਰੂ, ਹੈਦਰਾਬਾਦ, ਧਰਮਸ਼ਾਲਾ ਅਤੇ ਲਖਨਊ ਵਿਚ ਖੇਡੇ ਜਾਣਗੇ। ਬੀਸੀਸੀਆਈ ਵਲੋਂ ਇਨ੍ਹਾਂ ਸੂੁਬਿਆਂ ਦੀ ਕ੍ਰਿਕਟ ਐਸੋਸੀਏਸ਼ਨ ਨੂੰ ਇਸ ਵੱਡੇ ਟੂਰਨਾਮੈਂਟ ਦੀ ਤਿਆਰੀ ਨੂੰ ਵੀ ਆਦੇਸ਼ ਦਿਤੇ ਗਏ ਹਨ। ਹਾਲਾਂਕਿ ਅਜੇ ਅੰਤਮ ਫ਼ੈਸਲਾ ਕੋਰੋਨਾ ਦੀ ਸਥਿਤੀ ਨੂੰ ਦੇਖਦੇ ਹੋੋਏ ਲਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਕ੍ਰਿਕਟ ਇਤਿਹਾਸ ਦਾ ਸੱਭ ਤੋਂ ਵੱਡਾ ਮੈਚ ਵੀ ਆਈਐਸ ਬਿੰਦਰਾ ਸਟੇਡੀਅਮ ਵਿਚ ਖੇਡਿਆ ਗਿਆ ਸੀ। ਸਾਲ 2011 ਦੇ ਵਿਸ਼ਵ ਕੱਪ ਦਾ ਦੂਜਾ ਸੈਮੀਫ਼ਾਈਨਲ ਮੈਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਖੇਡਿਆ ਗਿਆ ਸੀ। ਇਸ ਮੈਚ ਦੇ ਰੁਮਾਂਚ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਸ ਸਮੇਂ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਯੂੁਜੁਫ ਰਜ਼ਾ ਗਿਲਾਨੀ ਨੇ ਪੀਸੀਏ ਸਟੇਡੀਅਮ ਮੋਹਾਲੀ ਵਿਚ ਇਕ ਹੀ ਬਾਕਸ ਵਿਚ ਬੈਠਕ ਕ੍ਰਿਕਟ ਮੈਚ ਦੇਖਿਆ ਸੀ। ਇਸ ਤੋਂ ਇਲਾਵਾ ਯੂਪੀਏ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ, ਸਾਬਕਾ ਲੋਕ ਸਭਾ ਸਪੀਕਰ ਮੀਰਾ ਕੁਮਾਰ, ਉਦਯੋਗਪਤੀ ਮੁਕੇਸ਼ ਅੰਬਾਨੀ, ਅਦਾਕਾਰ ਅਮੀਰ ਖ਼ਾਨ ਵਰਗੀਆਂ ਵੱਡੀਆਂ ਹਸਤੀਆਂ ਮੈਚ ਦੇਖਣ ਲਈ ਪਹੁੰਚੀਆਂ ਸਨ। ਹਿਮਾਚਲ, ਪੰਜਾਬ, ਹਰਿਆਣਾ ਅਤੇ ਜੰਮੂ ਕਸ਼ਮੀਰ ਦੇ ਗਵਰਨਰ ਅਤੇ ਸੀਐਮ ਵੀ ਸਟੇਡੀਅਮ ਵਿਚ ਮੌਜੂਦ ਸਨ। ਹੁਣ ਇਹ ਨਹੀਂ ਸਮਝ ਆਉਂਦੀ ਕਿ ਬੀ.ਸੀ.ਸੀ.ਆਈ ਨੂੰ ਇਹ ਮੈਦਾਨ ਪਸੰਦ ਕਿਉਂ ਨਹੀਂ ਹੈ। ਹਾਲਾਂਕਿ ਇਸ ਮੈਦਾਨ ’ਤੇ ਭਾਰਤੀ ਟੀਮ ਦਾ ਰਿਕਾਰਡ ਵੀ ਚੰਗਾ ਹੈ।