ਪਨਾਮਾ (ਅਮਰੀਕਾ) : ਹੈਰਾਨੀ ਦੀ ਖ਼ਬਰ ਹੈ ਪਰ ਸੱਚ ਹੈ ਕਿ ਅਮਰੀਕਾ ਵਿਚ ਜਾਨਵਰਾਂ ਵੱਲੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਵਾਈ ਜਾ ਰਹੀ ਹੈ। ਇੱਕ ਬਿੱਲੀ ਨੂੰ ਨਸ਼ਿਆਂ ਦੀ ਤਸਕਰੀ ਦੇ ਦੋਸ਼ ਵਿਚ ਸੈਂਟਰਲ ਅਮਰੀਕਾ ਦੇ ਪਨਾਮਾ ਸ਼ਹਿਰ ਵਿਚ ਕੈਦ ਕੀਤਾ ਗਿਆ ਹੈ। ਪਨਾਮਾ ਪ੍ਰਸ਼ਾਸਨ ਨੇ ਇੱਕ ਚਿੱਟੇ ਰੰਗ ਦੀ ਬਿੱਲੀ ਫੜੀ ਹੈ। ਇਹ ਇੱਕ ਟ੍ਰੇਨ ਕੀਤੀ ਹੋਈ ਬਿੱਲੀ ਹੈ, ਜੋ ਪਨਾਮਾ ਦੀ ਇੱਕ ਜੇਲ੍ਹ ਵਿਚ ਨਸ਼ੇ ਦੀ ਸਪਲਾਈ ਕਰਨ ਦੀ ਕੋਸ਼ਿਸ਼ ਕਰਦੀ ਫੜੀ ਗਈ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਸ ਚਿੱਟੀ ਖ਼ੂਬਸੂਰਤ ਬਿੱਲੀ ਦੇ ਸਰੀਰ 'ਤੇ ਨਸ਼ੇ ਦੇ ਕਈ ਛੋਟੇ ਪੈਕਟ ਬੰਨ੍ਹੇ ਹੋਏ ਸਨ। ਇਨ੍ਹਾਂ ਪੈਕਟ ਵਿਚ ਕਈ ਕਿਸਮਾਂ ਦੀਆਂ ਦਵਾਈਆਂ ਸਨ। ਬਿੱਲੀ ਨੁਏਵਾ ਗ੍ਰੇਫੈਂਜ਼ਾ ਜੇਲ੍ਹ ਵਿਚ ਦਾਖਲ ਹੋਣ ਦੀ ਤਿਆਰੀ ਵਿਚ ਸੀ। ਬਿੱਲੀ ਤੋਂ ਪਹਿਲਾਂ ਜੇਲ੍ਹ ਵਿੱਚ ਕਬੂਤਰਾਂ ਰਾਹੀਂ ਨਸ਼ਾ ਸਪਲਾਈ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਦੇ ਨਾਲ ਹੀ ਇੱਕ ਵਾਰ ਡਰੋਨ ਰਾਹੀਂ ਜੇਲ੍ਹ ਵਿਚ ਨਸ਼ੇ ਭੇਜਣ ਦੀ ਕੋਸ਼ਿਸ਼ ਕੀਤੀ ਗਈ, ਹੁਣ ਇਸ ਬਿੱਲੀ ਦੇ ਮਾਲਕ ਦੀ ਭਾਲ ਕੀਤੀ ਜਾ ਰਹੀ ਹੈ।
ਪਨਾਮਾ ਦੀ ਨੁਏਵਾ ਗ੍ਰੇਫੈਂਜ਼ਾ ਜੇਲ੍ਹ ਵਿੱਚ 1700 ਤੋਂ ਵੱਧ ਕੈਦੀ ਹਨ। ਜਦੋਂ ਇਹ ਸ਼ੱਕੀ ਬਿੱਲੀ ਉੱਥੇ ਪਹੁੰਚੀ ਤਾਂ ਇੱਕ ਪੁਲਿਸ ਅਧਿਕਾਰੀ ਨੇ ਉਸ ਨੂੰ ਵੇਖ ਲਿਆ। ਬਿੱਲੀ ਦੇ ਗਲੇ 'ਤੇ ਕੱਪੜਾ ਬੰਨ੍ਹਿਆ ਵੇਖ ਕੇ ਉਸ ਨੂੰ ਸ਼ੱਕ ਹੋਇਆ। ਜਦੋਂ ਉਸ ਨੇ ਜਾਂਚ ਕੀਤੀ ਤਾਂ ਉਸ ਬਿੱਲੀ ਕੋਲ ਕਈ ਕਿਸਮਾਂ ਦੇ ਨਸ਼ੇ ਪਾਏ ਗਏ। ਜੇਲ੍ਹ ਅਧਿਕਾਰੀਆਂ ਅਨੁਸਾਰ ਕੋਕੀਨ, ਕਰੈਕ ਅਤੇ ਹਸ਼ੀਸ਼ ਛੋਟੇ ਪੈਕਟ ਵਿਚ ਭਰੇ ਗਏ ਸਨ। ਪੁਲਿਸ ਨੇ ਬਿੱਲੀ ਤੋਂ ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆਂ ਹਨ।
ਬਿੱਲੀ ਨੂੰ ਫੜ ਲਿਆ ਗਿਆ ਹੈ ਅਤੇ ਪਾਲਤੂ ਜਾਨਵਰਾਂ ਦੇ ਕੇਂਦਰ ਵਿੱਚ ਭੇਜਿਆ ਗਿਆ ਹੈ। ਪੁਲਿਸ ਨੇ ਨਸ਼ਾ ਜੇਲ੍ਹ ਭੇਜਣ ਦੀ ਕੋਸ਼ਿਸ਼ ਦੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਪਹਿਲਾ ਮਾਮਲਾ ਨਹੀਂ ਹੈ ਜਦਕਿ ਇਸ ਤੋਂ ਪਹਿਲਾਂ ਵੀ ਜੇਲ੍ਹ ਵਿਚ ਨਸ਼ਾ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਹੋਈਆਂ ਹਨ। ਇੱਥੋਂ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਜੇਲ੍ਹ ਵਿੱਚ ਕਈ ਵਾਰ ਜਾਨਵਰਾਂ ਰਾਹੀਂ ਨਸ਼ਾ ਭੇਜਣ ਦੀ ਕੋਸ਼ਿਸ਼ ਕੀਤੀ ਗਈ ਹੈ। ਦਰਅਸਲ, ਜਦੋਂ ਨਸ਼ੇ ਵਾਲੇ ਜਾਨਵਰ ਜੇਲ੍ਹ ਵਿਚ ਪਹੁੰਚਦੇ ਹਨ, ਤਾਂ ਕੈਦੀ ਉਨ੍ਹਾਂ ਨੂੰ ਭੋਜਨ ਦਿੰਦੇ ਹਨ ਤੇ ਆਪਣੀ ਪਸੰਦ ਦਾ ਨਸ਼ਾ ਲੈ ਲੈਂਦੇ ਹਨ।