ਨਾਸਿਕ : ਮਹਾਰਾਸ਼ਟਰ ਦੇ ਨਾਸਿਕ ਦੇ ਜ਼ਾਕਿਰ ਹੁਸੈਨ ਹਸਪਤਾਲ 'ਚ ਆਕਸੀਜਨ ਟੈਂਕ ਲੀਕ ਹੋ ਗਿਆ। ਜਿਸ ਤੋਂ ਬਾਅਦ ਭੱਜ-ਦੌੜ ਪੈ ਗਈ। ਇਸ ਦਰਦਨਾਕ ਹਾਦਸੇ 'ਚ 11 ਮਰੀਜ਼ਾਂ ਦੀ ਮੌਤ ਹੋ ਗਈ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਲੀਕੇਜ ਕਾਰਨ ਆਕਸੀਜਨ ਦੀ ਸਪਲਾਈ ਠੱਪ ਹੋ ਗਈ ਸੀ, ਜਿਸ ਕਾਰਨ ਵੈਂਟੀਲੇਟਰ 'ਤੇ ਮੌਜੂਦ ਮਰੀਜ਼ਾਂ ਦੀ ਮੌਤ ਹੋ ਗਈ ਹੈ। ਹੁਣ ਪ੍ਰਸ਼ਾਸਨ ਵਲੋਂ ਲੀਕੇਜ ਦੀ ਜਾਂਚ ਬੈਠਾਈ ਜਾ ਰਹੀ ਹੈ। ਜਿਸ ਸਮੇਂ ਇਹ ਹਾਦਸਾ ਹੋਇਆ, ਉਦੋਂ ਹਸਪਤਾਲ 'ਚ 171 ਮਰੀਜ਼ ਸਨ। ਆਕਸੀਜਨ ਲੀਕ ਹੋਣ ਦੀ ਘਟਨਾ ਤੋਂ ਬਾਅਦ ਹਸਪਤਾਲ 'ਚ ਦਾਖ਼ਲ ਮਰੀਜ਼ਾਂ ਨੂੰ ਦੂਜੇ ਹਸਪਤਾਲ 'ਚ ਸ਼ਿਫਟ ਕੀਤਾ ਜਾ ਰਿਹਾ ਹੈ। ਹਾਲਾਤ ਨੂੰ ਲੈ ਕੇ ਸੂਬੇ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਦਾ ਕਹਿਣਾ ਹੈ ਕਿ ਲੀਕੇਜ ਨੂੰ ਕੰਟਰੋਲ ਕਰ ਲਿਆ ਗਿਆ।