ਰੂਪਨਗਰ (ਏਜੰਸੀਆਂ) : ਸਥਾਨਕ ਸ਼ਹਿਰ ਦੇ ਇਕ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਦੁਆਰਾ ਇਕ ਵਿਦਿਆਰਥਣ ਨਾਲ ਕੁੱਟਮਾਰ ਕਰਨ ਦੀ ਵੀਡੀਓ ਵਾਇਰਲ ਹੋਈ ਹੈ। ਇਸ ਵੀਡੀਓ ਦੇ ਵਾਇਰਲ ਹੋਣ ਮਗਰੋਂ ਸਿੱਖਿਆ ਮਹਿਕਮਾ ਵੀ ਗੰਭੀਰ ਹੁੰਦਾ ਵਿਖਾਈ ਦੇ ਰਿਹਾ ਹੈ। ਮਾਮਲਾ ਇਹ ਹੈ ਕਿ ਸ਼ਹਿਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰ. ਅੰਜੂ ਚੌਧਰੀ ਵੱਲੋਂ ਇਕ ਵਿਦਿਆਰਥਣ ਨੂੰ ਉਸ ਦੇ ਹਸਣ ਦਾ ਕਾਰਨ ਪੁੱਛ ਕੇ ਇਕ ਤੋਂ ਬਾਅਦ ਇਕ ਥੱਪੜ ਮਾਰਨ ਅਤੇ ਉਸ ਦੇ ਵਾਲ ਖਿੱਚੇ ਜਾਣ ਦੀ ਵੀਡੀਓ ਵਾਇਰਲ ਹੋਈ ਹੈ।
ਇਹ ਵੀਡੀਓ ਕਦੋਂ ਦੀ ਹੈ, ਇਸ ਦੇ ਬਾਰੇ ’ਚ ਤਾਂ ਭਾਵੇ ਪੁਖ਼ਤਾ ਜਾਣਕਾਰੀ ਨਹੀ ਮਿਲ ਸਕੀ। ਇਸ ਵੀਡੀਓ ’ਚ ਪ੍ਰਿੰਸੀਪਲ ਵਿਦਿਆਰਥਣ ਨੂੰ ਕਹਿੰਦੀ ਹੋਈ ਸੁਣਾਈ ਦੇ ਰਹੀ ਹੈ ਕਿ ‘ਕੀ ਮੈਡਮ ਨੇ ਚੁਟਕਲਾ ਸੁਣਾਇਆ ਹੈ ਕਿ ਤੂੰ ਹਸ ਰਹੀ ਹੈ?’ ਦੂਜੇ ਪਾਸੇ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜ ਕੁਮਾਰ ਖੋਸਲਾ ਨੇ ਕਿਹਾ ਕਿ ਇਹ ਵੀਡੀਓ ਸੋਮਵਾਰ ਨੂੰ ਹੀ ਉਨ੍ਹਾਂ ਦੇ ਧਿਆਨ ’ਚ ਆਈ ਹੈ। ਇਸ ਸਬੰਧ ’ਚ ਇਕ ਸੀਨੀਅਰ ਪ੍ਰਿੰਸੀਪਲ ਤੋਂ ਜਾਂਚ ਕਰਵਾਈ ਜਾ ਰਹੀ ਹੈ ਅਤੇ ਸਮਾਂ ਬੱਧ ਜਾਂਚ ਦੇ ਬਾਅਦ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਵੀਡੀਓ ’ਚ ਦਿਖਾਈ ਦੇ ਰਹੀ ਵਿਦਿਆਰਥਣ, ਅਧਿਆਪਕ ਅਤੇ ਕੁੱਟਮਾਰ ਕਰਨ ਵਾਲੀ ਪ੍ਰਿੰਸੀਪਲ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ ਕਿ ਇਸ ਘਟਨਾ ਦੇ ਕੀ ਕਾਰਨ ਰਹੇ ਹਨ। ਉਨ੍ਹਾਂ ਕਿਹਾ ਕਿ ਕਾਨੂੰਨ ਮੁਤਾਬਕ ਵਿਦਿਆਰਥਣ ਦੀ ਕੁੱਟਮਾਰ ਕਰਨਾ ਗਲਤ ਹੈ ਪਰ ਹਾਲਾਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਕਾਰਨ ਵੀ ਜਾਂਚ ਕਰਵਾਉਣੀ ਜਰੂਰੀ ਹੈ ਕਿ ਵਿਦਿਆਰਥਣ ਕਿਸ ਕਾਰਨ ਹਸੀ ਸੀ।