ਕਿਹਾ, ਯੋਜਨਾ ਅਨੁਸਾਰ ਨਹੀਂ ਕਰਵਾਈ ਗਈ ਗੇਂਦਬਾਜ਼ੀ
ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ’ਚ ਪੰਜਾਬ ਕਿੰਗਸ ਦੀ ਟੀਮ ਨੂੰ ਲਗਾਤਾਰ ਦੂਸਰੇ ਮੁਕਾਬਲੇ ’ਚ ਹਾਰ ਮਿਲੀ। ਪਿਛਲੇ ਮੈਚ ’ਚ ਚੇਨਈ ਸੁਪਰਕਿੰਗਸ ਖ਼ਿਲਾਫ਼ ਸ਼ਰਮਨਾਕ ਹਾਰ ਤੋਂ ਬਾਅਦ ਦਿੱਲੀ ਕੈਪੀਟਲਜ਼ ਨੇ ਵੀ ਟੀਮ ਨੂੰ 6 ਵਿਕੇਟ ਨਾਲ ਹਰਾਇਆ। ਟੀਮ ਦੀ ਇਸ ਹਾਰ ਤੋਂ ਬਾਅਦ ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਆਸ਼ੀਸ਼ ਨੇਹਰਾ ਨੇ ਪੰਜਾਬ ਦੇ ਕਪਤਾਨ ਅਤੇ ਕੋਚ ਦੀ ਯੋਜਨਾ ’ਤੇ ਸਵਾਲ ਚੁੱਕਿਆ।
ਨੇਹਰਾ ਨੇ ਕਿਹਾ, ਦੇਖੋ ਕੁਝ ਚੀਜ਼ਾਂ ਅਜਿਹੀਆਂ ਹਨ ਜੋ ਇਸ ਫਾਰਮਿਟ ’ਚ ਹਰ ਇਕ ਖਿਡਾਰੀ ਕਰਨਾ ਚਾਹੁੰਦਾ ਹੈ। ਤੁਸੀਂ ਗੇਂਦਬਾਜ਼ੀ ਕਰਨਾ ਵੀ ਪਸੰਦ ਕਰਦੇ ਹੋ, ਬੱਲੇਬਾਜ਼ੀ ਕਰਨਾ ਚਾਹੁੰਦੇ ਹੋ ਅਤੇ ਫੀਲਡਿੰਗ ’ਚ ਚੰਗਾ ਕਰਨ ਦੀ ਸੋਚਦੇ ਹੋ। ਤੁਹਾਡਾ ਦਿਨ ਚੰਗਾ ਹੁੰਦਾ ਹੈ ਜਾਂ ਫਿਰ ਖ਼ਰਾਬ, ਖੇਡ ’ਚ ਤਾਂ ਇਹ ਸਾਰੀਆਂ ਚੀਜ਼ਾਂ ਆਮ ਹਨ। ਪਰ ਕੁਝ ਚੀਜ਼ਾਂ ਹਨ ਜੋ ਤੁਹਾਡੇ ਕੰਟਰੋਲ ’ਚ ਰਹਿੰਦੀਆਂ ਹਨ। ਘੱਟ ਤੋਂ ਘੱਟ ਤੁਹਾਨੂੰ ਉਸਨੂੰ ਤਾਂ ਚੰਗੇ ਤਰੀਕੇ ਨਾਲ ਕਰਨਾ ਚਾਹੀਦਾ ਹੈ।
ਅੱਗੇ ਉਨ੍ਹਾਂ ਨੇ ਕਿਹਾ, ਤੁਸੀਂ ਸ਼ੁਰੂਆਤੀ ਓਵਰ ਆਪਣੇ ਸਭ ਤੋਂ ਅਨੁਭਵੀ ਵਿਦੇਸ਼ੀ ਗੇਂਦਬਾਜ਼ੀ ਨੂੰ ਨਹੀਂ ਦਿੰਦੇ। ਮੇਰਿਡਿਥ 10 ਓਵਰ ਤੋਂ ਬਾਅਦ ਗੇਂਦਬਾਜ਼ੀ ਕਰਨ ਆਉਂਦੇ ਹਨ ਅਤੇ ਸਟੀਵ ਸਮਿੱਥ ਦਾ ਵਿਕੇਟ ਆਪਣੇ ਪਹਿਲੇ ਹੀ ਓਵਰ ’ਚ ਹਾਸਿਲ ਕਰਦੇ ਹੋ। ਇਥੋਂ ਤਕ ਕਿ ਸ਼ਮੀ ਨੇ ਵੀ ਆਪਣੇ ਚਾਰ ਓਵਰ ਅਲੱਗ-ਅਲੱਗ ਸਪੇਲ ’ਚ ਪਾਏ। ਤੁਸੀਂ ਅਰਸ਼ਦੀਪ ਨਾਲ ਗੇਂਦਬਾਜ਼ੀ ਦੀ ਸ਼ੁਰੂਆਤ ਕਰਨਾ ਪਸੰਦ ਕਰਦੇ ਹੋ, ਤਾਂ ਤੁਸੀਂ ਖੇਡ ’ਤੇ ਕਦੋਂ ਕੰਟਰੋਲ ਹਾਸਿਲ ਕਰੋਗੇ, ਸ਼ੁਰੂਆਤ ਤੋਂ ਜਾਂ ਫਿਰ ਆਖ਼ੀਰ ’ਚ।
ਪੰਜਾਬ ਦੀ ਟੀਮ ਨੇ ਆਪਣੀ ਗੇਂਦਬਾਜ਼ੀ ਦੀ ਯੋਜਨਾ ਨੂੰ ਖ਼ਰਾਬ ਕਰ ਦਿੱਤਾ। ਉਨ੍ਹਾਂ ਨੇ ਚਾਰ ਅਲੱਗ-ਅਲੱਗ ਗੇਂਦਬਾਜ਼ਾਂ ਨਾਲ ਸ਼ੁਰੂਆਤ ’ਚ ਖੇਡਿਆ। ਅਜਿਹੀਆਂ ਚੀਜ਼ਾਂ ਉਹ ਟੀਮਾਂ ਕਰਦੀਆਂ ਹਨ, ਜਿਨ੍ਹਾਂ ਕੋਲ ਸਾਧਨ ਦੀ ਕਮੀ ਹੁੰਦੀ ਹੈ। ਇਸ ਕਾਰਨ ਮੈਂ ਸੋਚਦਾ ਹਾਂ ਕਿ ਇਹ ਉਹ ਸਭ ਤੋਂ ਵੱਡੀ ਗਲ਼ਤੀ ਹੈ, ਜੋ ਉਨ੍ਹਾਂ ਨੇ ਕੀਤੀ ਹੈ।