ਚੇਨਈ (ਏਜੰਸੀ): ਅੱਜ ਆਈ.ਪੀ.ਐਲ ਦਾ 10ਵਾਂ ਮੈਚ ਬੰਗਲੁਰੂ ਤੇ ਕੋਲਕਾਤਾ ਵਿਚਕਾਰ ਖੇਡਿਆ ਗਿਆ। ਬੰਗਲੁਰੂ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ ਗਿਆ। ਬੰਗਲੁਰੂ ਨੇ ਕੋਲਕਾਤਾ ਦੀ ਟੀਮ ਅੱਗੇ 205 ਦੌੜਾਂ ਦਾ ਟੀਚਾ ਰਖਿਆ ਸੀ ਪਰ ਕੋਲਕਾਤਾ ਦੀ ਟੀਮ ਨਿਰਧਾਰਤ 20 ਓਵਰਾਂ ’ਚ 8 ਵਿਕਟਾਂ ਗਵਾ ਕੇ 166 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਕੋਲਕਾਤਾ ਦੀ ਟੀਮ ਇਹ ਮੈਚ 38 ਦੌੜਾਂ ਨਾਲ ਹਾਰ ਗਈ।
ਇਸ ਤੋਂ ਪਹਿਲਾਂ ਜਿਵੇਂ ਹੀ ਕੋਹਲੀ ਦੀ ਟੀਮ ਬੱਲੇਬਾਜ਼ੀ ਕਰਨ ਉਤਰੀ ਤਾਂ ਉਸ ਨੂੰ ਸ਼ੁਰੂ ਵਿਚ ਹੀ ਦੋ ਝਟਕੇ ਲੱਗਣ ਨਾਲ ਪਾਰੀ ਡੋਲਣ ਲੱਗੀ ਪਰ ਇਸ ਤੋਂ ਬਾਅਦ ਮੈਦਾਨ ’ਚ ਉਤਰੇ ਮੈਕਸਵੈਲ ਨੇ ਪਾਰੀ ਨੂੰ ਸੰਭਾਲਿਆ ਤੇ ਉਸ ਨੇ 28 ਗੇਂਦਾਂ ’ਚ ਅਪਣਾ ਅਰਧ ਸੈਂਕੜਾ ਪੂਰਾ ਕੀਤਾ।
ਅਪਣੀ ਪਾਰੀ ਦੌਰਾਨ ਕੋਹਲੀ ਨੇ 5, ਪਡੀਕਲ ਨੇ 25, ਰਜਤ ਨੇ 1, ਮੈਕਸਵੈਲ ਨੇ 78, ਡਿਵੀਲੀਅਰਜ਼ ਨੇ 76 ਤੇ ਜੈਮੀਸਨ ਨੇ 11 ਦੌੜਾਂ ਬਣਾਈਆਂ। ਇਸ ਤਰ੍ਹਾਂ ਬੰਗਲੁਰੂ ਨੇ 4 ਵਿਕਟਾਂ ਗਵਾ ਕੇ ਕੋਲਕਾਤਾ ਸਾਹਮਣੇ 204 ਦੌੜਾਂ ਦਾ ਟੀਚਾ ਦਿਤਾ।
ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਉਤਰੀ ਕੋਲਕਾਤਾ ਦੀ ਟੀਮ ਦੀ ਸ਼ੁਰੂਆਤ ਤੇਜ਼ ਰਹੀ ਪਰ ਸ਼ੁਭਮਨ ਗਿੱਲ 9 ਗੇਂਦਾਂ ’ਤੇ 21 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਤੋਂ ਬਾਅਦ ਕੋਲਕਾਤਾ ਦੀਆਂ ਵਿਕਟਾਂ ਲਗਾਤਾਰ ਡਿਗਦੀਆਂ ਰਹੀਆਂ। ਜਿੰਨਾ ਚਿਰ ਕਪਤਾਨ ਮਾਰਗਨ ਤੇ ਬੰਗਲਾ ਦੇਸ਼ੀ ਖਿਡਾਰੀ ਸਾਕਿਬ ਮੈਦਾਨ ’ਚ ਰਹੇ, ਉਨਾ ਚਿਰ ਕੋਲਕਾਤਾ ਦੀ ਆਸ ਬਣੀ ਰਹੀ ਪਰ ਜਿਵੇਂ ਹੀ ਉਨ੍ਹਾਂ ਦੀਆਂ ਵਿਕਟਾਂ ਚਲੀਆਂ ਗਈਆਂ ਤਾਂ ਕੋਲਕਾਤਾ ਢੇਰੀ ਹੋ ਗਿਆ।