ਕੈਲੀਫੋਰਨੀਆ, 14 ਅਪ੍ਰੈਲ : ਅਮਰੀਕਾ ’ਚ ਤਿੰਨ ਪੰਜਾਬੀਆਂ ਨੂੰ ਕੌਮਾਂਤਰੀ ਡਰੱਗ ਰੈਕੇਟ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਕੈਲੀਫੋਰਨੀਆ ਦੇ ਫੈਡਰਲ ਏਜੰਟਾਂ ਨੇ ਕੈਨੇਡਾ ਦੇ ਅੰਡਰਕਵਰ ਏਜੰਟਾਂ ਨਾਲ ਮਿਲ ਕੇ ਇਹ ਕਾਰਵਾਈ ਕਰਦਿਆਂ ਡੇਵਿਸ, ਸੈਕਰਾਮੈਂਟੋ ਅਤੇ ਰੋਸਵਿੱਲੇ ਦੇ ਘਰਾਂ ਵਿੱਚ ਚੱਲ ਰਹੇ ਕੌਮਾਂਤਰੀ ਡਰੱਗ ਰੈਕੇਟ ਦਾ ਭਾਂਡਾ ਭੰਨਿਆ ਹੈ।
ਗ੍ਰਿਫ਼ਤਾਰ ਕੀਤੇ ਗਏ ਪੰਜਾਬੀਆਂ ਪਰਮਪ੍ਰੀਤ ਸਿੰਘ (55 ਸਾਲ), ਰਣਵੀਰ ਸਿੰਘ (38 ਸਾਲ) ਅਤੇ ਅਮਨਦੀਪ ਸਿੰਘ ਮੁਲਤਵਾਨੀ (33 ਸਾਲ) ਨੂੰ ਹੈਰੋਇਨ, ਕੋਕੀਨ, ਅਫੀਮ ਅਤੇ ਕੇਟਾਮਾਈਨ ਨੂੰ ਵੰਡਣ ਦੀ ਸਾਜ਼ਿਸ਼ ਦੇ ਤਹਿਤ ਦੋਸ਼ੀ ਬਣਾਇਆ ਗਿਆ ਹੈ। ਉਕਤ ਗ੍ਰਿਫ਼ਤਾਰੀਆਂ 6 ਮਹੀਨੇ ਦੀ ਜਾਂਚ ਮਗਰੋਂ ਹੋਈਆਂ ਹਨ, ਜਿਸ ਵਿੱਚ ਕੈਨੇਡਾ ’ਚ ਚਲਾਇਆ ਗਿਆ ਅੰਡਰਕਵਰ ਡਰੱਗ ਅਪ੍ਰੇਸ਼ਨ ਅਤੇ ਅਮਰੀਕਾ ਵਿੱਚ ਮੋਬਾÇÎੲਲਾਂ ਦੀ ਦੀ ਨਿਗਰਾਨੀ ਅਤੇ ਪੰਜਾਬੀ ਵਿੱਚ ਕੀਤਾ ਗਿਆ ਗੁਪਤ ਸੰਚਾਰ ਸ਼ਾਮਲ ਹੈ। ਤਿੰਨਾਂ ਨੂੰ ਜ਼ਮਾਨਤ ਦੇ ਬਗ਼ੈਰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਮਰੀਕੀ ਡਰੱਗ ਐਨਫੋਰਸਮੈਂਟ ਐਡਮਿਨਿਸਟਰੇਸ਼ਨ ਵੱਲੋਂ ਕੋਰਟ ਵਿੱਚ ਦਾਇਰ ਕੀਤੇ ਗਏ ਐਫੀਡੇਵਿਟ ਮੁਤਾਬਕ ਤਿੰਨੇ ਪੰਜਾਬੀ ਕੈਨੇਡਾ ਅਤੇ ਅਮਰੀਕਾ ਦੋਵਾਂ ਮੁਲਕਾਂ ਵਿੱਚ ਹੈਰੋਇਨ, ਕੋਕੀਨ, ਅਫੀਮ ਅਤੇ ਕੇਟਾਮਾਈਨ ਦੀਆਂ ਸੈਂਕੜੇ ਕਿਲੋਗ੍ਰਾਮ ਮਾਤਰਾ ਵਿੱਚ ਸਪਲਾਈ ਕਰਨ ਦੀ ਪੇਸ਼ਕਸ਼ ਕਰਦੇ ਸਨ।
ਅਮਰੀਕੀ ਡਰੱਗ ਐਨਫੋਰਸਮੈਂਟ ਐਡਮਿਨਿਸਟਰੇਸ਼ਨ ਮੁਤਾਬਕ ਇਹ ਡਰੱਗ ਰੈਕੇਟ ਕੈਨੇਡਾ ਦੇ ਟੋਰਾਂਟੋ ਸ਼ਹਿਰ ਤੋਂ ਅਮਰੀਕਾ ਦੇ ਸੈਕਰਾਮੈਂਟੋ ਤੱਕ ਫੈਲਿਆ ਹੋਇਆ ਸੀ ਅਤੇ ਇਸ ਦੇ ਪਾਕਿਸਤਾਨ, ਮੈਕਸਿਕੋ, ਭਾਰਤ ਅਫ਼ਗਾਨਿਸਤਾਨ ਅਤੇ ਜਰਮਨੀ ਤੱਕ ਸਬੰਧ ਹੋ ਸਕਦੇ ਹਨ। ਏਜੰਟਾਂ ਮੁਤਾਬਕ ਇਸ ਰੈਕੇਟ ਦਾ ਕਿੰਗਪਿਨ ਪਰਮਪ੍ਰੀਤ ਸਿੰਘ ਹੈ, ਜੋ ਕੈਲੀਫੋਰਨੀਆ ਵਿੱਚ ਰਹਿੰਦਾ ਹੈ।