ਕਾਹਿਰਾ, 12 ਅਪ੍ਰੈਲ : ਮਿਸਰ ਵਿਚ ਮਿਲੇ 3 ਹਜ਼ਾਰ ਸਾਲ ਪੁਰਾਣੇ ਅਦਭੁੱਤ ਸ਼ਹਿਰ ਦੀ ਚਰਚਾ ਪੂਰੀ ਦੁਨੀਆਂ ਵਿਚ ਹੈ। ਇੰਨੇ ਸਾਲ ਬੀਤ ਜਾਣ ਦੇ ਬਾਵਜੂਦ ਮਿਸਰ ਦੇ ਇਸ ‘ਸੱਭ ਤੋਂ ਵੱਡੇ’ ਪ੍ਰਾਚੀਨ ਸ਼ਹਿਰ ਦੇ ਅਵਸ਼ੇਸ਼ਾਂ ਨੂੰ ਦੇਖ ਦੇ ਅਜਿਹਾ ਲਗਦਾ ਹੈ ਕਿ ਜਿਵੇਂ ਹਾਲੇ ਕੱਲ੍ਹ ਹੀ ਇਹਨਾਂ ਨੂੰ ਬਣਾਇਆ ਗਿਆ ਹੋਵੇ। ਇਸ ਸ਼ਹਿਰ ਨੂੰ ‘ਪ੍ਰਾਚੀਨ ਮਿਸਰ ਦਾ ਪੋਂਪੇਈ’ ਵੀ ਕਿਹਾ ਜਾ ਰਿਹਾ ਹੈ। ਲਕਜਰ ਸ਼ਹਿਰ ਦੀ ਰੇਤ ਹੇਠਾਂ ਇਸ ਕਰੀਬ 3400 ਸਾਲ ਪੁਰਾਣੇ ਸ਼ਹਿਰ ਦੇ ਮਿਲਣ ਦਾ ਐਲਾਨ ਮਿਸਰ ਦੇ ਮਸ਼ਹੂਰ ਪੁਰਾਤੱਤਵ ਵਿਗਿਆਨੀ ਜਹੀ ਹਵਾਸ ਨੇ ਪਿਛਲੇ ਹਫ਼ਤੇ ਕੀਤਾ ਸੀ। ਹੁਣ ਇਸ ‘ਸੋਨੇ ਦੇ ਸ਼ਹਿਰ’ ਦਾ ਪਹਿਲਾ ਵੀਡੀਉ ਤੇ ਕੁੱਝ ਤਸਵੀਰਾਂ ਸਾਹਮਣੇ ਆ ਗਈਆਂ ਹਨ।
ਕਈ ਮਾਹਰਾਂ ਦਾ ਕਹਿਣਾ ਹੈ ਕਿ ਮਿਸਰ ਦਾ ਇਹ ਸ਼ਹਿਰ ਸਾਲ 1922 ਵਿਚ ਤੂਤਨਖਾਮੂਨ ਦੇ ਮਕਬਰੇ ਦੀ ਖੋਜ ਤੋਂ ਬਾਅਦ ਸੱਭ ਤੋਂ ਵੱਡੀ ਖੋਜ ਹੈ। ਕਰੀਬ 7 ਮਹੀਨੇ ਦੀ ਖੁਦਾਈ ਤੋਂ ਬਾਅਦ ਇਸ ਸ਼ਹਿਰ ਦਾ ਪਤਾ ਚਲਿਆ ਹੈ। ਇਸ ਸ਼ਹਿਰ ਵਿਚ ਹਾਲੇ ਅਗਲੇ ਕਈ ਸਾਲ ਤਕ ਆਮ ਵਿਅਕਤੀ ਨੂੰ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ।
ਮਸ਼ਹੂਰ ਮਿਸਰ ਮਾਹਰ ਜਾਹੀ ਹਵਾਸ ਨੇ ਐਲਾਨ ਕੀਤਾ ਹੈ ਕਿ ‘ਗਵਾਚੇ ਹੋਏ ਸੁਨਹਿਰੇ ਸ਼ਹਿਰ’ ਦੀ ਖੋਜ ਲਗਜਰ ਦੇ ਕਰੀਬ ਕੀਤੀ ਗਈ ਹੈ। ਇਥੇ ਰਾਜਿਆਂ ਦੀ ਘਾਟੀ ਸਥਿਤ ਹੈ। ਟੀਮ ਨੇ ਇਕ ਬਿਆਨ ਜਾਰੀ ਕਰ ਕੇ ਦਸਿਆ ਕਿ ਡਾਕਟਰ ਜਾਹੀ ਦੀ ਸਰਪ੍ਰਸਤੀ ਹੇਠ ਮਿਸਰ ਦੇ ਮਿਸ਼ਨ ਵਿਚ ਇਕ ਸ਼ਹਿਰ ਮਿਲਿਆ ਹੈ ਜੋ ਰੇਤ ਹੇਠਾਂ ਦਬਿਆ ਗਿਆ ਸੀ। ਬਿਆਨ ਵਿਚ ਕਿਹਾ ਗਿਆ ਹੈ ਕਿ ਸ਼ਹਿਰ 3000 ਹਜ਼ਾਰ ਸਾਲ ਪੁਰਾਣਾ ਹੈ। ਐਮੇਨੋਟੋਪ-3 ਦੀ ਮੋਹਰ ਲੱਗੀਆਂ ਮਿੱਟੀ ਦੀਆਂ ਇੱਟਾਂ ਵੀ ਮਿਲੀਆਂ ਹਨ। ਇਸ ਤੋਂ ਪਹਿਲਾਂ ਕਈ ਵਾਰ ਇਸ ਸ਼ਹਿਰ ਦੀ ਖੋਜ ਕੀਤੀ ਗਈ ਸੀ ਪਰ ਇਸ ਨੂੰ ਕੋਈ ਲੱਭ ਨਹੀਂ ਸਕਿਆ ਸੀ। ਆਸ ਪ੍ਰਗਟਾਈ ਗਈ ਹੈ ਕਿ ਅੱਗੇ ਦੀ ਖੋਜ ਵਿਚ ਕਈ ਖ਼ਜ਼ਾਨੇ ਮਿਲ ਸਕਦੇ ਹਨ।