ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰੀ ਦੀ ਦੌੜ 'ਚ ਸ਼ਾਮਲ ਭਾਰਤੀ ਮੂਲ ਦੀ ਸੰਸਦ ਮੈਂਬਰ ਕਮਲਾ ਹੈਰਿਸ ਨੇ ਫੇਸਬੁੱਕ 'ਤੇ ਕੰਟਰੋਲ ਦੀ ਵਕਾਲਤ ਕੀਤੀ ਹੈ। ਕੈਲੀਫੋਰਨੀਆ ਤੋਂ ਡੈਮੋਕ੍ਰੇਟਿਕ ਸੈਨੇਟਰ ਕਮਲਾ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਸਾਨੂੰ ਫੇਸਬੁੱਕ 'ਤੇ ਕੰਟਰੋਲ ਲਈ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ ਕਿਉਂਕਿ ਦੁਨੀਆ ਦੀ ਸਭ ਤੋਂ ਵੱਡੀ ਸੋਸ਼ਲ ਮੀਡੀਆ ਕੰਪਨੀ ਦੀ ਵਰਤੋਂ ਹੁਣ ਕੰਟਰੋਲ ਤੋਂ ਬਾਹਰ ਹੋ ਚੁੱਕੀ ਹੈ।
ਇਕ ਪੱਤਰਕਾਰ ਏਜੰਸੀ ਨੂੰ ਦਿੱਤੇ ਇੰਟਰਵਿਊ 'ਚ 54 ਸਾਲਾ ਕਮਲਾ ਨੇ ਕਿਹਾ ਕਿ ਫੇਸਬੁੱਕ ਨੇ ਵੱਡੇ ਪੈਮਾਨੇ 'ਤੇ ਵਿਕਾਸ ਕੀਤਾ ਹੈ। ਇਸ ਨੇ ਆਪਣੇ ਯੂਜ਼ਰਾਂ ਦੇ ਵਿਸ਼ੇਸ਼ ਹਿੱਤਾਂ 'ਤੇ ਆਪਣੇ ਵਾਧੇ ਤੇ ਵਿਕਾਸ ਨੂੰ ਤਰਜੀਹ ਦਿੱਤੀ ਹੈ। ਖਾਸ ਕਰਕੇ ਪ੍ਰਾਈਵੇਸੀ 'ਤੇ। ਮੇਰਾ ਮੰਨਣਾ ਹੈ ਕਿ ਫੇਸਬੁੱਕ 'ਤੇ ਕੰਟਰੋਲ ਲਈ ਇਸ 'ਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ। ਜਦੋਂ ਤੁਸੀਂ ਇਸ ਮੁੱਦੇ ਨੂੰ ਦੇਖਦੇ ਹੋ ਤਾਂ ਇਹ ਨਿਸ਼ਚਿਤ ਰੂਪ ਨਾਲ ਇਕ ਉਪਯੋਗਤਾ ਹੈ।
ਉਨ੍ਹਾਂ ਨੇ ਕਿਹਾ ਕਿ ਅਜਿਹੇ ਬਹੁਤ ਘੱਟ ਲੋਕ ਹਨ, ਜੋ ਫੇਸਬੁੱਕ ਦੀ ਵਰਤੋਂ ਤੋਂ ਬਿਨਾਂ ਅਸਲ 'ਚ ਆਪਣੇ ਭਾਈਚਾਰੇ ਤੇ ਸਮਾਜ 'ਚ ਰਹਿ ਸਕਦੇ ਹਨ, ਉਨ੍ਹਾਂ ਦਾ ਪੇਸ਼ਾ ਚਾਹੇ ਜੋ ਵੀ ਹੋਵੇ। ਇਸ ਲਈ ਸਾਨੂੰ ਪਛਾਣ ਕਰਨੀ ਹੋਵੇਗੀ ਕਿ ਇਹ ਕੀ ਹੈ। ਇਸ ਅਸਲ 'ਚ ਇਕ ਉਪਯੋਗਤਾ ਹੈ, ਜੋ ਕੰਟਰੋਲ ਤੋਂ ਬਾਹਰ ਹੋ ਚੁੱਕੀ ਹੈ ਤੇ ਇਸ ਕਾਰਨ ਮੇਰੀ ਚਿੰਤਾ ਹੈ ਕਿ ਇਸ ਨੂੰ ਰੋਕਿਆ ਜਾਵੇ।
ਕਮਲਾ ਤੋਂ ਪਹਿਲਾਂ ਇਕ ਹੋਰ ਡੈਮੋਕ੍ਰੇਟਿਕ ਸੈਨੇਟਰ ਐਲੀਜ਼ਾਬੈੱਥ ਵਾਰੇਨ ਨੇ ਵੀ ਫੇਸਬੁੱਕ 'ਤੇ ਕੰਟਰੋਲ ਦੀਆਂ ਸੰਭਾਵਨਾਵਾਂ 'ਤੇ ਜ਼ੋਰ ਦਿੱਤਾ ਸੀ। ਦੱਸ ਦਈਏ ਕਿ ਫੇਸਬੁੱਕ 'ਤੇ ਆਪਣੇ ਯੂਜ਼ਰਾਂ ਦੀ ਨਿੱਜੀ ਜਾਣਕਾਰੀ ਤੇ ਉਨ੍ਹਾਂ ਦੇ ਡਾਟਾ ਦੀ ਗਲਤ ਵਰਤੋਂ ਕਰਨ ਦਾ ਦੋਸ਼ ਲੱਗਦਾ ਰਿਹਾ ਹੈ। ਕੈਂਬ੍ਰਿਜ ਐਨਾਲਿਟਿਕਾ ਦਾ ਮਾਮਲਾ ਇਨ੍ਹਾਂ 'ਚੋਂ ਇਕ ਹੈ। ਡਾਟਾ ਤੇ ਫੋਟੋ ਸ਼ੇਅਰ ਕਰਨ ਲਈ ਹਾਲ 'ਚ ਫੇਸਬੁੱਕ 'ਤੇ ਵੱਡਾ ਜੁਰਮਾਨਾ ਵੀ ਲੱਗ ਚੁੱਕਿਆ ਹੈ।