ਧਰਤੀ ਵਾਂਗ ਨਜ਼ਰ ਆਉਂਦੀ ਹੈ ਸਤਰੰਗੀ ਪੀਂਘ
ਵਾਸ਼ਿੰਗਟਨ, (ਏਜੰਸੀ) : ਮੰਗਲ ’ਤੇ ਭੇਜੇ ਗਏ ਨਾਸਾ ਦੇ ਮਾਰਸ ਰੋਵਰ ਪਰਸਵਿਅਰੈਂਸ ਨੇ ਧਰਤੀ ’ਤੇ ਰਹਿੰਦੇ ਮਨੁੱਖਾਂ ਦੀ ਖਿੱਚ ਮੰਗਲ ਵਲ ਹੋਰ ਵਧਾ ਦਿਤੀ ਹੈ। ਰੋਵਰ ਨੇ ਉੱਥੋਂ ਦੇ ਅਸਮਾਨ ’ਚ ਇਕ ਕਮਾਲ ਦੀ ਤਸਵੀਰ ਖਿੱਚੀ ਹੈ। ਇਸ ਵਿਚ ਮੰਗਲ ਦੇ ਅਸਮਾਨ ’ਚ ਸਤਰੰਗੀ ਪੀਂਘ ਨਜ਼ਰ ਆ ਰਹੀ ਹੈ ਜੋ ਕਿ ਬੇਹੱਦ ਖ਼ੂਬਸੂਰਤ ਵੀ ਹੈ। ਇਸ ਤਸਵੀਰ ਨੂੰ ਦੇਖ ਕੇ ਧਰਤੀ ਦੇ ਮਨੁੱਖਾਂ ਨੂੰ ਇਹ ਲੱਗਣ ਲੱਗ ਪਿਆ ਹੈ ਕਿ ਮੰਗਲ ਵੀ ਧਰਤੀ ਵਰਗਾ ਹੀ ਹੈ। ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਰੋਵਰ ਨੇ ਧਰਤੀ ਤੋਂ ਇੰਨੀ ਦੂਰ ਅਜਿਹੀ ਕੋਈ ਚੀਜ਼ ਨੂੰ ਕੈਮਰੇ ’ਚ ਕੈਦ ਕੀਤਾ ਹੈ। ਨਾਸਾ ਵਲੋਂ ਇਸ ਦੀ ਜਾਣਕਾਰੀ ਟਵੀਟ ਕਰ ਕੇ ਦਿਤੀ ਗਈ ਹੈ। ਨਾਲ ਹੀ ਕਿਹਾ ਗਿਆ ਹੈ ਕਿ ਬਹੁਤੇ ਲੋਕ ਕਹਿ ਰਹੇ ਹਨ ਕਿ ਕੀ ਇਹ ਲਾਲ ਗ੍ਰਹਿ ’ਤੇ ਇੰਦਰਧਨੁੱਸ਼ ਹੈ। ਇਸ ਦੇ ਜਵਾਬ ਵਿਚ ਨਾਸਾ ਨੇ ਕਿਹਾ ਹੈ ਕਿ ਨਹੀਂ।
ਨਾਸਾ ਦਾ ਕਹਿਣਾ ਹੈ ਕਿ ਇੰਦਰਧਨੁੱਸ਼ ਰੋਸ਼ਨੀ ਦੇ ਰਿਫਲੈਕਸ਼ਨ ਤੇ ਪਾਣੀ ਦੀਆਂ ਛੋਟੀਆਂ-ਛੋਟੀਆਂ ਬੂੰਦਾਂ ਤੋਂ ਬਣਦਾ ਹੈ ਪਰ ਮੰਗਲ ਗ੍ਰਹਿ ਤੇ ਨਾ ਤਾਂ ਇੰਨਾ ਪਾਣੀ ਮੌਜੂਦ ਹੈ ਤੇ ਨਾ ਹੀ ਇਸ ਅਵਸਥਾ ’ਚ ਮੌਜੂਦ ਹੈ ਤੇ ਇੱਥੇ ਵਾਤਾਵਰਨ ’ਚ ਤਰਲ ਪਾਣੀ ਦੇ ਲਿਹਾਜ਼ ਨਾਲ ਇੱਥੇ ਕਾਫੀ ਠੰਢ ਹੈ। ਨਾਸਾ ਨੇ ਦਸਿਆ ਹੈ ਕਿ ਅਸਲ ਵਿਚ ਮੰਗਲ ਗ੍ਰਹਿ ਦੇ ਆਸਪਾਸ ਦਿਖਾਈ ਦੇਣ ਵਾਲੀ ਇਹ ਇੰਦਰਧਨੁੱਸ਼ੀ ਛਟਾ ਰੋਵਰ ਦੇ ਕੈਮਰੇ ’ਚ ਲੱਗੇ ਲੈਨਜ਼ ਦੀ ਇਕ ਚਮਕ ਹੈ।
ਜ਼ਿਕਰਯੋਗ ਹੈ ਕਿ ਮੰਗਲ ਦਾ ਵਾਤਾਵਰਨ ਕਾਫੀ ਸੁੱਕਾ ਹੈ ਜਿੱਥੇ ਵਾਤਾਵਰਨ ’ਚ ਕਰੀਬ 95 ਫ਼ੀਸਦ ਤਕ ਟੌਕਸਿਕ ਕਾਰਬਨਡਾਈਆਕਸਾਈਡ ਮੌਜੂਦ ਹੈ। ਇਸ ਤੋਂ ਇਲਾਵਾ 4 ਫ਼ੀ ਸਦੀ ’ਚ ਨਾਈਟ੍ਰੋਜਨ ਤੇ ਆਰਗੋਨ ਹੈ ਤੇ ਇਕ ਫੀ ਸਦੀ ਆਕਸੀਜਨ ਤੇ ਵਾਟਰ ਵੈਪਰ ਹੈ। ਇਸ ਤਰ੍ਹਾਂ ਨਾਲ ਕੈਮੀਕਲ ਤੇ ਫਿਜ਼ੀਕਲੀ ਮੰਗਲ ਗ੍ਰਹਿ ਧਰਤੀ ਤੋਂ ਕਾਫੀ ਵੱਖ ਹੈ। ਇਸ ਲਈ ਨਾਸਾ ਦਾ ਮੰਨਣਾ ਹੈ ਕਿ ਇਹ ਰਿਫ਼ਲੈਕਸ਼ਨ ਕੇਵਲ ਕੈਮਰੇ ਨਾਲ ਹੀ ਬਣੀ ਹੋਵੇਗੀ।