ਮੰਗਾਂ ਸਬੰਧੀ ਚੰਡੀਗੜ੍ਹ ਵਲ ਕਰ ਰਹੇ ਸਨ ਮਾਰਚ, ਚੰਡੀਗੜ੍ਹ ਪੁਲਿਸ ਨੇ ਵਿਖਾਈ 'ਗ਼ਰਮੀ'
ਮੋਹਾਲੀ : ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਵੱਡੀ ਗਿਣਤੀ ਵਿਚ ਇਕੱਤਰ ਹੋਏ ਕਿਸਾਨਾਂ-ਮਜ਼ਦੂਰਾਂ ਨੂੰ ਚੰਡੀਗੜ੍ਹ ਵਿਚ ਦਾਖ਼ਲ ਹੋਣ ਤੋਂ ਰੋਕਣ ਲਈ ਚੰਡੀਗੜ੍ਹ ਪੁਲਿਸ ਵਲੋਂ ਪਾਣੀ ਦੀ ਵਾਛੜ ਮਾਰ ਕੇ ਰੋਕਿਆ ਗਿਆ।
ਇਸ ਦੌਰਾਨ ਚੰਡੀਗੜ੍ਹ ਪੁਲਿਸ ਦੀਆਂ ਪਾਣੀ ਮਾਰਨ ਵਾਲੀਆਂ ਛੇ ਗੱਡੀਆਂ ਵਲੋਂ ਕਿਸਾਨਾਂ 'ਤੇ ਪਾਣੀ ਦੀ ਵਾਛੜ ਕੀਤੀ ਗਈ। ਪਾਣੀ ਦੀ ਇਸ ਵਾਛੜ ਦੀ ਮਾਰ ਹੇਠ ਆਉਣ ਕਾਰਨ ਉਥੇ ਡੇਢ ਸੌ ਦੇ ਕਰੀਬ ਵਿਖਾਵਾਕਾਰੀਆਂ ਦੀਆਂ ਪੱਗਾਂ ਲਹਿ ਗਈਆਂ ਅਤੇ ਇਨ੍ਹਾਂ ਵਿਚੋਂ ਕਈ ਦੀਆਂ ਪੱਗਾਂ ਪੁਲ ਤੋਂ ਹੇਠਾਂ ਨਾਲੇ ਵਿਚ ਜਾ ਡਿੱਗੀਆਂ, ਇਸ ਦੌਰਾਨ ਦੋ ਦਰਜਨ ਦੇ ਕਰੀਬ ਕਿਸਾਨ-ਮਜ਼ਦੂਰ ਜ਼ਖ਼ਮੀ ਵੀ ਹੋਏ ਜਿਨ੍ਹਾਂ ਨੂੰ ਪੁਲਿਸ ਵਲੋਂ ਫ਼ੇਜ਼ 6 ਦੇ ਸਿਵਲ ਹਸਪਤਾਲ ਭੇਜਿਆ ਗਿਆ। ਬਾਅਦ ਵਿਚ ਰੋਹ ਵਿਚ ਆਏ ਕਿਸਾਨ-ਮਜ਼ਦੂਰਾਂ ਵਲੋਂ ਵਾਈ.ਪੀ.ਐਸ ਚੌਕ 'ਤੇ ਚੰਡੀਗੜ੍ਹ ਵਾਲੇ ਪਾਸੇ ਨਦੀ ਦੇ ਪੁਲ 'ਤੇ ਹੀ ਧਰਨਾ ਲਗਾ ਦਿਤਾ ਗਿਆ।
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਬੈਨਰ ਹੇਠ ਅੱਜ ਸਵੇਰ ਤੋਂ ਹੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਕਿਸਾਨ ਮਜ਼ਦੂਰ ਸਥਾਨਕ ਫ਼ੇਜ਼ 8 ਵਿਚ ਇਕੱਤਰ ਹੋਣੇ ਆਰੰਭ ਹੋ ਗਏ ਸਨ ਜਿਥੋਂ ਉਨ੍ਹਾਂ ਦਾ ਚੰਡੀਗੜ੍ਹ ਪਹੁੰਚ ਕੇ ਰਾਜਭਵਨ ਦਾ ਘਿਰਾਉ ਕਰਨ ਦਾ ਪ੍ਰੋਗਰਾਮ ਸੀ। ਕਿਸਾਨ ਮਜ਼ਦੂਰਾਂ ਦੀ ਵੱਡੀ ਗਿਣਤੀ ਨੂੰ ਮੁੱਖ ਰੱਖਦਿਆਂ ਪੁਲਿਸ ਵਲੋਂ ਵੀ ਸਖ਼ਤ ਸੁਰਖਿਆ ਪ੍ਰਬੰਧ ਕੀਤੇ ਗਏ ਸਨ ਅਤੇ ਚੰਡੀਗੜ੍ਹ ਮੁਹਾਲੀ ਦੇ ਬਾਰਡਰ 'ਤੇ ਪੁਲਿਸ ਵਲੋਂ ਬਾਕਾਇਦਾ ਬੈਰੀਕੇਡ ਲਗਾ ਕੇ ਸੜਕ ਬੰਦ ਕੀਤੀ ਹੋਈ ਸੀ। ਦੁਪਹਿਰ ਵੇਲੇ ਕਿਸਾਨ ਮਜ਼ਦੂਰਾਂ ਦਾ ਇਹ ਕਾਫ਼ਲਾ ਚੰਡੀਗੜ੍ਹ ਵਲ ਰਵਾਨਾ ਹੋਇਆ ਅਤੇ ਵਾਈ.ਪੀ.ਐਸ ਚੌਕ ਪਹੁੰਚਣ 'ਤੇ ਪੁਲਿਸ ਵਲੋਂ ਵਿਖਾਵਾਕਾਰੀਆਂ ਨੂੰ ਰੁਕਣ ਲਈ ਕਿਹਾ ਗਿਆ ਪਰੰਤੂ ਵਿਖਾਵਾਕਾਰੀ ਅੱਗੇ ਵੱਧ ਗਏ ਅਤੇ ਉਨ੍ਹਾਂ ਵਲੋਂ ਬੈਰੀਕੇਡ ਹਟਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ 'ਤੇ ਚੰਡੀਗੜ੍ਹ ਪੁਲਿਸ ਵਲੋਂ ਬਿਨਾਂ ਕਿਸੇ ਚਿਤਾਵਨੀ ਦੇ ਪਾਣੀ ਦੀਆਂ ਵਾਛੜਾਂ ਮਾਰਨੀਆਂ ਸ਼ੁਰੂ ਕਰ ਦਿਤੀਆਂ ਗਈਆਂ। ਇਸ ਦੌਰਾਨ ਜਿਥੇ ਪਾਣੀ ਦੀ ਧਾਰ ਕਿਸਾਨਾਂ ਮਜ਼ਦੂਰਾਂ 'ਤੇ ਪਈ ਉਥੇ ਬੈਰੀਕੇਡ ਦੇ ਨੇੜੇ ਖੜ੍ਹੇ ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੇ ਅਧਿਕਾਰੀ ਅਤੇ ਕਰਮਚਾਰੀਆਂ ਤੋਂ ਇਲਾਵਾ ਕੁੱਝ ਮੀਡੀਆ ਕਰਮੀਆਂ ਨੂੰ ਵੀ ਪਾਣੀ ਦੀ ਵਾਛੜ ਸਹਿਣੀ ਪਈ ।
ਐਸ.ਐਸ.ਪੀ. ਹਰਚਰਨ ਸਿੰਘ ਭੁੱਲਰ ਖ਼ੁਦ ਮੌਕੇ 'ਤੇ ਮੌਜੂਦ ਸਨ ਅਤੇ ਘਟਨਾਚੱਕਰ ਦੀ ਨਿਗਰਾਨੀ ਕਰ ਰਹੇ ਸਨ । ਲਗਭਗ 15 ਮਿੰਟ ਤਕ ਪਾਣੀ ਦੀ ਵਾਛੜ ਪੈਂਦੀ ਰਹੀ ਅਤੇ ਬਾਅਦ ਵਿਚ ਪਾਣੀ ਦੀਆਂ ਗੱਡੀਆਂ ਵਿਚਲਾ ਪਾਣੀ ਮੁੱਕਣ ਤੋਂ ਬਾਅਦ ਕਿਸਾਨ-ਮਜ਼ਦੂਰਾਂ ਵਲੋਂ ਮੌਕੇ 'ਤੇ ਹੀ ਧਰਨਾ ਲਗਾ ਦਿਤਾ ਗਿਆ ਇਸ ਮੌਕੇ ਕਿਸਾਨਾਂ ਵਲੋਂ ਪੰਜਾਬ ਅਤੇ ਕੇਂਦਰ ਸਰਕਾਰ ਵਿਰੁਧ ਨਾਹਰੇਬਾਜ਼ੀ ਵੀ ਕੀਤੀ ।
ਉਨ੍ਹਾਂ ਕਿਹਾ ਕਿ ਕਿਸਾਨ ਮਜ਼ਦੂਰਾਂ ਦੀ ਮੰਗ ਹੈ ਕਿ ਸਰਕਾਰ ਕਰਮੁਕਤ ਵਪਾਰ ਸਮਝੌਤੇ ਵਿਚੋਂ ਭਾਰਤ ਸਰਕਾਰ ਤੋਂ ਬਾਹਰ ਆਏ ਅਤੇ ਨਿੱਜੀ ਅਤੇ ਸਰਕਾਰੀ ਜਾਇਦਾਦ ਨੁਕਸਾਨ ਰੋਕੂ ਐਕਟ 2017 (ਕਾਲਾ ਕਾਨੂੰਨ) ਨੂੰ ਤੁਰਤ ਰੱਦ ਕੀਤਾ ਜਾਵੇ।
ਕਿਸਾਨ ਆਗੂਆਂ ਨੇ ਕਿਸੇ ਵੀ ਕਿਸਾਨ ਮਜ਼ਦੂਰ ਦੀ ਕਰਜ਼ੇ ਕਾਰਨ ਕੁਰਕੀ, ਗ੍ਰਿਫ਼ਤਾਰੀ, ਤੇ ਕਰਜ਼ਾ ਨਾ ਉਤਰਾਉਣ ਦੇਣ ਦਾ ਸਪੱਸ਼ਟ ਐਲਾਨ ਕਰਦਿਆਂ ਕੈਪਟਨ ਸਰਕਾਰ ਨੂੰ ਖੁਲ੍ਹਾ ਚੈਲੇਂਜ ਕੀਤਾ ਤੇ ਜੋਰਦਾਰ ਮੰਗ ਕੀਤੀ ਕਿ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜਾ ਖ਼ਤਮ ਕਰਨ, ਡਾ. ਸੁਆਮੀਨਾਥਨ ਕਮਿਸ਼ਨ ਦੀ ਰੀਪੋਰਟ ਪੂਰੀ ਤਰ੍ਹਾਂ ਲਾਗੂ ਕਰ ਕੇ ਧਾਰਾ ਮੁਤਾਬਕ 22 ਫ਼ਸਲਾਂ ਦੇ ਭਾਅ ਐਲਾਣਨ ਤੇ ਸਰਕਾਰੀ ਖ਼ਰੀਦ ਦੀ ਗਰੰਟੀ ਕਰਨ ਦੀ ਮੰਗ ਕੀਤੀ।
ਇਸ ਮੌਕੇ ਗੁਰਲਾਲ ਸਿੰਘ ਪੰਡੇਰੀ, ਗੁਰਬਚਨ ਸਿੰਘ ਚੰਬਾ, ਲਖਵਿੰਦਰ ਸਿੰਘ ਅੰਮ੍ਰਿਤਸਰ, ਸਾਹਿਬ ਸਿੰਘ ਫ਼ਿਰੋਜ਼ਪੁਰ, ਰਣਬੀਰ ਸਿੰਘ, ਗੁਰਪ੍ਰੀਤ ਸਿੰਘ ਗੁਰਦਾਸਪੁਰ, ਕੁਲਦੀਪ ਸਿੰਘ ਹੁਸ਼ਿਆਰਪੁਰ, ਸਲਵਿੰਦਰ ਸਿੰਘ ਜਲੰਧਰ, ਹਾਕਮ ਸਿੰਘ ਕਪੂਰਥਲਾ, ਗੁਲਸ਼ਨ ਸਿੰਘ ਫਾਜਿਲਕਾ ਆਦਿ ਆਗੂ ਹਾਜ਼ਰ ਸਨ।