ਚੰਡੀਗੜ੍ਹ : ਬੀਤੇ ਦਿਨੀਂ ਪੰਜਾਬੀ ਗਾਇਕ ਦਿਲਜਾਨ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ 'ਚ ਉਸ ਦੇ ਚਾਹੁਣ ਵਾਲਿਆਂ ਦੇ ਨਾਲ-ਨਾਲ ਪੰਜਾਬੀ ਕਲਾਕਾਰਾਂ ਨੇ ਵੀ ਸ਼ਮੂਲੀਅਤ ਕੀਤੀ। ਇਸ ਦੌਰਾਨ ਮਾਸਟਰ ਸਲੀਮ ਨਾਲ ਦਿਲਜਾਨ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦਿਲਜਾਨ ਸ਼ਾਹਕੋਟੀ ਫੁਲਵਾੜੀ ਦਾ ਇਕ ਫੁੱਲ ਸੀ, ਜੋ ਟੁੱਟ ਗਿਆ ਹੈ।
ਮਾਸਟਰ ਸਲੀਮ ਨੇ ਕਿਹਾ ਕਿ ਬੇਹੱਦ ਅਜੀਬ ਜਿਹਾ ਮਾਹੌਲ ਬਣ ਗਿਆ ਹੈ ਤੇ ਮਨ ਬਹੁਤ ਦੁਖੀ ਹੈ। ਪਹਿਲਾਂ ਸਰਦੂਰ ਸਿਕੰਦਰ ਜੀ ਚਲੇ ਗਏ ਤੇ ਹੁਣ ਇਹ ਬੱਚਾ ਚਲਾ ਗਿਆ। ਉਸ ਦੀ ਆਤਮਾ ਨੂੰ ਪ੍ਰਮਾਤਮਾ ਸ਼ਾਂਤੀ ਦੇਵੇ।
ਸਲੀਮ ਨੇ ਅੱਗੇ ਕਿਹਾ ਕਿ ਦਿਲਜਾਨ ਦੀ ਇਹ ਬੇਵਕਤੀ ਮੌਤ ਹੈ। ਹੁਣੇ ਉਸ ਨੂੰ ਸੁਨਹਿਰੀ ਦਿਨ ਦੇਖਣ ਨੂੰ ਮਿਲਣੇ ਸਨ ਪਰ ਉਸ ਬੱਚੇ ਦੀ ਇੰਨੀ ਹੀ ਲਿਖੀ ਸੀ। ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਬਜ਼ੁਰਗ ਦੀ ਮੌਤ ਦਾ ਇੰਨਾ ਦੁੱਖ ਨਹੀਂ ਹੁੰਦਾ ਪਰ ਅਜਿਹੀ ਬੇਵਕਤੀ ਮੌਤ 'ਤੇ ਬਹੁਤ ਵੱਡਾ ਝਟਕਾ ਲੱਗਦਾ ਹੈ। ਮਾਸਟਰ ਸਲੀਮ ਨੇ ਕਿਹਾ ਕਿ ਦਿਲਜਾਨ ਨਾਲ ਉਨ੍ਹਾਂ ਦਾ ਇਕ ਗੀਤ ਵੀ ਆਉਣਾ ਸੀ। ਦਿਲਜਾਨ ਉਨ੍ਹਾਂ ਦੇ ਬੇਟੇ ਵਾਂਗ ਸੀ। ਉਹ ਉਨ੍ਹਾਂ ਦੇ ਹੱਥਾਂ 'ਚ ਹੀ ਪਲਿਆ ਸੀ। ਦੱਸਣਯੋਗ ਹੈ ਕਿ 30 ਮਾਰਚ ਨੂੰ ਦਰਦਨਾਕ ਸੜਕ ਹਾਦਸੇ 'ਚ ਦਿਲਜਾਨ ਦੀ ਮੌਤ ਹੋ ਗਈ ਸੀ। ਇਹ ਹਾਦਸਾ ਅੰਮ੍ਰਿਤਸਰ ਨੇੜੇ ਵਾਪਰਿਆ ਸੀ। ਦਿਲਜਾਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ 'ਸੁਰਕਸ਼ੇਤਰ' ਸ਼ੋਅ ਰਾਹੀਂ ਕੀਤੀ ਸੀ। ਗਾਇਕ ਦਿਲਜਾਨ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ।