ਨਵੀਂ ਦਿੱਲੀ : ਕੇਂਦਰੀ ਸੜਕ, ਆਵਾਜਾਈ ਤੇ ਹਾਈਵੇ ਮੰਤਰਾਲੇ ਨੇ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਤੇ ਰੀਨਿਊ ਕਰਵਾਉਣ ਲਈ ਨਵੀਆਂ ਗਾਈਡਲਾਈਨਜ਼ ਜਾਰੀ ਕਰ ਦਿੱਤੀਆਂ ਹਨ। ਇਸ ਨਵੇਂ ਨਿਯਮ ਤਹਿਤ ਲਰਨਰ ਦੇ ਲਾਇਸੈਂਸ ਦੀ ਪੂਰੀ ਪ੍ਰਕਿਰਿਆ ਯਾਨੀ ਅਪਲਾਈ ਕਰਨ ਤੋਂ ਲੈ ਕੇ ਪ੍ਰਿੰਟਿੰਗ ਤਕ ਹੁਣ ਆਨਲਾਈਨ ਕੀਤੀ ਜਾਵੇਗੀ। ਉੱਥੇ ਹੀ ਡਰਾਈਵਿੰਗ ਲਾਇਸੈਂਸ ਦੀ ਜਾਇਜ਼ਤਾ ਵੀ ਹੁਣ ਇਕ ਸਾਲ ਪਹਿਲਾਂ ਖ਼ਤਮ ਕੀਤੀ ਜਾਵੇਗੀ। ਨਾਲ ਹੀ ਇਲੈਕਟ੍ਰਾਨਿਕ ਸਰਟੀਫਿਕੇਟ ਤੇ ਦਸਤਾਵੇਜ਼ਾਂ ਦੀ ਵਰਤੋਂ ਮੈਡੀਕਲ ਸਰਟੀਫਿਕੇਟ, ਲਰਨਸ ਲਾਇਸੈਂਸ, ਸਰੰਡਰ ਆਫ ਡਰਾਈਵਿੰਗ ਲਾਇਸੈਂਸ, ਡੀਐੱਲ ਦੇ ਰੀਨਿਊਲ ਆਦਿ ਲਈ ਕੀਤਾ ਜਾ ਸਕਦਾ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਇਸ ਨਾਲ ਨਵੇਂ ਵਾਹਨਾਂ ਦੀ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸੁਖਾਲੀ ਹੋਵੇਗੀ। ਰਜਿਸਟ੍ਰੇਸ਼ਨ ਸਰਟੀਫਿਕੇਟ ਦਾ ਰਿਨਿਊਲ ਹੁਣ 60 ਦਿਨ ਪਹਿਲਾਂ ਕੀਤਾ ਜਾ ਸਕੇਗਾ। ਜਦਕਿ ਅਸਥਾਈ ਰਜਿਸਟ੍ਰੇਸ਼ਨ ਦੀ ਮਿਆਦ ਨੂੰ ਵੀ ਇਕ ਮਹੀਨੇ ਤੋਂ ਵਧਾ ਕੇ 6 ਮਹੀਨੇ ਕਰ ਦਿੱਤਾ ਗਿਆ ਹੈ। ਉੱਥੇ ਹੀ ਸਰਕਾਰ ਨੇ ਲਰਨਰ ਲਾਇਸੈਂਸ ਲਈ ਹੁਣ ਪ੍ਰਕਿਰਿਆ 'ਚ ਬਦਲਾਅ ਕੀਤੇ ਹਨ ਜਿਨ੍ਹਾਂ ਮੁਤਾਬਿਕ ਟਿਊਟੋਰੀਅਮਲ ਜ਼ਰੀਏ ਡਰਾਈਵਿੰਗ ਟੈਸਟ ਹੁਣ ਆਨਲਾਈਨ ਕੀਤਾ ਜਾਵੇਗਾ। ਯਾਨੀ ਲਾਇਸੈਂਸ ਦੇ ਟੈਸਟ ਲਈ ਹੁਣ ਆਰਟੀਓ ਜਾਣ ਦੀ ਕੋਈ ਜ਼ਰੂਰਤ ਨਹੀਂ ਪਵੇਗੀ।
ਡਰਾਈਵਿੰਗ 'ਤੇ ਟਿਊਟੋਰੀਅਲ 'ਚ ਟ੍ਰੈਫਿਕ ਸਿਗਨਲ, ਟ੍ਰੈਫਿਕ ਸਿਗਨਲ ਤੇ ਸੜਕੀ ਨਿਯਮਾਂ ਤੇ ਰੈਗੂਲੇਸ਼ਨ ਦੀ ਜਾਣਕਾਰੀ ਹੋਵੇਗੀ। ਇਸ ਵਿਚ ਡਰਾਈਵਰ ਦੀਆਂ ਸਾਰੀਆਂ ਚੀਜ਼ਾਂ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਤਹਿਤ ਇਹ ਦੇਖਿਆ ਜਾ ਸਕੇਗਾ ਕਿ ਜਦੋਂ ਉਸ ਦਾ ਵਾਹਨ ਕਿਸੇ ਹਾਦਸੇ 'ਚ ਸ਼ਾਮਲ ਹੁੰਦਾ ਹੈ ਤਾਂ ਕਿਸੇ ਵਿਅਕਤੀ ਦੀ ਮੌਤ ਜਾਂ ਸਰੀਰਕ ਸੱਟ ਜਾਂ ਕਿਸੇ ਤੀਸਰੇ ਧਿਰ ਦੀ ਜਾਇਦਾਦ ਨੂੰ ਕਿੰਨਾ ਨੁਕਸਾਨ ਹੁੰਦਾ ਹੈ। ਲਾਇਸੈਂਸ ਲਈ ਅਪਲਾਈ ਕਰਨ ਵਾਲੇ ਬਿਨੈਕਾਰ ਨੂੰ ਟੈਸਟ 'ਚ ਘੱਟੋ-ਘੱਟ 60 ਫ਼ੀਸਦ ਸਵਾਲਾਂ ਦਾ ਸਹੀ ਉੱਤਰ ਦੇਣਾ ਪਵੇਗਾ। ਇਹ ਪਾਸ ਫ਼ੀਸਦ ਮੌਜੂਦਾ ਮਾਪਦੰਡਾਂ ਨਾਲ ਨਹੀਂ ਬਦਲਿਆ ਗਿਆ ਹੈ।
ਦੱਸ ਦੇਈਏ ਕਿ ਮੌਜੂਦਾ ਮਾਪਦੰਡਾਂ 'ਚ 15 ਸਵਾਲਾਂ ਦੇ ਸੈੱਟ ਤੋਂ ਘੱਟੋ-ਘੱਟ ਨੌਂ ਸਵਾਲਾਂ ਦਾ ਸਹੀ ਉੱਤਰ ਦੇਣ ਦੀ ਜ਼ਰੂਰਤ ਹੁੰਦੀ ਹੈ। ਇਹ ਸਵਾਲ ਇਕ ਪ੍ਰਸ਼ਨੋੱਤਰੀ ਦਾ ਹਿੱਸਾ ਹਨ ਜਿਸ ਵਿਚ 150 ਸਵਾਲ ਹਨ। ਇਸ ਤੋਂ ਬਾਅਦ ਬਿਨੈਕਾਰ ਨੂੰ ਡਰਾਈਵਿੰਗ ਲਾਇਸੈਂਸ ਲਈ 30 ਦਿਨਾਂ ਦੇ ਅੰਦਰ ਤੇ ਲਰਨਰ ਲਾਇਸੈਂਸ ਜਾਰੀ ਕਰਨ ਦੀ ਤਰੀਕ ਤੋਂ ਛੇ ਮਹੀਨੇ ਦੇ ਅੰਦਰ ਅਪਲਾਈ ਕਰਨਾ ਪਵੇਗਾ।